ਪਿਛਲੇ ਸਾਲ ਲੁਧਿਆਣਾ ਦੀ ਅਦਾਲਤ ‘ਚ ਹੋਏ ਬੰਬ ਧਮਾਕੇ ਦੇ ਮਾਮਲੇ ‘ਚ ਲੋੜੀਂਦੇ ‘ਮੋਸਟ ਵਾਂਟੇਡ’ ਅੱਤਵਾਦੀ ਅਤੇ ਵਾਰਦਾਤ ਦੇ ਮੁੱਖ ਸਾਜ਼ਿਸ਼ਘਾੜੇ ਹਰਪ੍ਰੀਤ ਸਿੰਘ ਉਰਫ਼ ‘ਹੈਪੀ ਮਲੇਸ਼ੀਆ’ ਨੂੰ ਕੇਂਦਰੀ ਏਜੰਸੀ ਐੱਨ.ਆਈ.ਏ. ਨੇ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇੰਦਰਾ ਗਾਂਧੀ ਕੌਮਾਂਤਰੀ ਏਅਰਪੋਰਟ ‘ਤੇ ਗ੍ਰਿਫ਼ਤਾਰ ਕੀਤੇ ਗਏ ਹੈਪੀ ਮਲੇਸ਼ੀਆ ਦੇ ਸਿਰ ‘ਤੇ ਦਸ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਐੱਨ.ਆਈ.ਏ. ਦੇ ਬੁਲਾਰੇ ਨੇ ਦੱਸਿਆ ਕਿ ਕੁਆਲਾਲੰਪੁਰ ਤੋਂ ਦਿੱਲੀ ਪੁੱਜਣ ‘ਤੇ ਏਜੰਸੀ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ‘ਚ ਲੁਧਿਆਣਾ ਦੀਆਂ ਕਚਹਿਰੀਆਂ ਦੀ ਇਮਾਰਤ ‘ਚ ਜ਼ੋਰਦਾਰ ਬੰਬ ਧਮਾਕਾ ਹੋਇਆ ਸੀ। ਧਮਾਕੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਛੇ ਹੋਰ ਫੱਟੜ ਹੋ ਗਏ ਸਨ। ਇਸ ਮਾਮਲੇ ‘ਚ ਲੁਧਿਆਣਾ ਪੁਲੀਸ ਨੇ 23 ਦਸੰਬਰ, 2021 ਵਿਚ ਕੇਸ ਦਰਜ ਕੀਤਾ ਸੀ। ਐੱਨ.ਆਈ.ਏ. ਨੇ 13 ਜਨਵਰੀ ਨੂੰ ਮੁੜ ਕੇਸ ਦਰਜ ਕੀਤਾ ਸੀ। ਏਜੰਸੀ ਦੇ ਬੁਲਾਰੇ ਨੇ ਦੱਸਿਆ ਕਿ ਜਾਂਚ ‘ਚ ਸਾਹਮਣੇ ਆਇਆ ਸੀ ਕਿ ਪਾਕਿਸਤਾਨ ਬੈਠੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਖ਼ੁਦ ਬਣੇ ਮੁਖੀ ਲਖਬੀਰ ਸਿੰਘ ਰੋਡੇ ਦਾ ਇਕ ਸਾਥੀ ਵੀ ਲੁਧਿਆਣਾ ਧਮਾਕੇ ਦੀ ਸਾਜ਼ਿਸ਼ ਘੜਨ ‘ਚ ਸ਼ਾਮਲ ਹੈ। ਜਦਕਿ ਰੋਡੇ ਖ਼ੁਦ ਵੀ ਇਸ ਮਾਮਲੇ ‘ਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਰੋਡੇ ਦੀਆਂ ਹਦਾਇਤਾਂ ਉਤੇ ਕੰਮ ਕਰਦਿਆਂ ਹਰਪ੍ਰੀਤ ਸਿੰਘ ਨੇ ਧਮਾਕਾਖੇਜ਼ ਸਮੱਗਰੀ ਪਹੁੰਚਾਉਣ ‘ਚ ਮਦਦ ਕੀਤੀ ਜੋ ਕਿ ਪਾਕਿਸਤਾਨ ਤੋਂ ਭਾਰਤ ਭੇਜੀ ਗਈ। ਇਸ ਨੂੰ ਮਗਰੋਂ ਲੁਧਿਆਣਾ ਧਮਾਕੇ ‘ਚ ਵਰਤਿਆ ਗਿਆ। ਐੱਨ.ਆਈ.ਏ. ਨੇ ਕਿਹਾ ਕਿ ਗ੍ਰਿਫ਼ਤਾਰ ਮੁਲਜ਼ਮ ਕਈ ਹੋਰ ਕੇਸਾਂ ‘ਚ ਵੀ ਲੋੜੀਂਦਾ ਹੈ ਜਿਨ੍ਹਾਂ ‘ਚ ਹਥਿਆਰਾਂ, ਧਮਾਕਾਖੇਜ਼ ਸਮੱਗਰੀ ਤੇ ਨਸ਼ਿਆਂ ਦੀ ਤਸਕਰੀ ਦੇ ਕੇਸ ਸ਼ਾਮਲ ਹਨ। ਗ੍ਰਿਫ਼ਤਾਰੀ ਮਗਰੋਂ ਹਰਪ੍ਰੀਤ ਸਿੰਘ ਉਰਫ਼ ਹੈਪੀ ਨੂੰ ਮੁਹਾਲੀ ਦੀ ਵਿਸ਼ੇਸ਼ ਐੱਨ.ਆਈ.ਏ. ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਸੱਤ ਦਿਨ ਦੇ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ। ਮੁਲਜ਼ਮ ਨੂੰ 9 ਦਸੰਬਰ ਨੂੰ ਦੁਬਾਰਾ ਅਦਾਲਤ ‘ਚ ਪੇਸ਼ ਕਰਨ ਲਈ ਕਿਹਾ ਗਿਆ ਹੈ।