ਖਾਲਿਸਤਾਨ ਰੈਫਰੈਂਡਮ ਦੇ ਮੁੱਦੇ ‘ਤੇ ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੂੰ ਹਿੰਦੂ ਭਾਈਚਾਰੇ ਨੇ ਇਕ ਮੰਦਰ ‘ਚ ਘੇਰਿਆ ਅਤੇ ਇਸ ਬਾਰੇ ਸਵਾਲ ਜਵਾਬ ਕੀਤਾ। ਟੈਗ ਟੀ.ਵੀ. ਦੀ ਰਿਪੋਰਟ ‘ਚ ਦੱਸਿਆ ਗਿਆ ਕਿ ਹਿੰਦੂ ਭਾਈਚਾਰੇ ਨੇ ਮੇਅਰ ਨੂੰ ਸਾਰੇ ਸ਼ਹਿਰ ਵਿੱਚੋਂ ਹਿੰਦੂਆਂ ਵਿਰੁੱਧ ਲਗਾਏ ਗਏ ਨਫ਼ਰਤ ਭਰੇ ਬੈਨਰ ਹਟਾਉਣ ਲਈ ਕਿਹਾ ਸੀ ਜਿਸ ‘ਚ ਲਿਖਿਆ ਸੀ ‘ਸਿੱਖ ਬੱਚਿਆਂ ਨੂੰ ਹਿੰਦੂ ਭੀੜ ਦੁਆਰਾ ਜ਼ਿੰਦਾ ਸਾੜ ਦਿੱਤਾ ਗਿਆ।’ ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੂੰ ਜਦੋਂ ਪੁੱਛਿਆ ਗਿਆ ਕੀ ਉਹ ਖਾਲਿਸਤਾਨੀਆਂ ਦੇ ਬੈਨਰ ਹਟਾ ਦੇਣਗੇ? ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ‘ਅਸੀਂ ਸਾਰਿਆਂ ਨੂੰ ਪਿਆਰ ਕਰਦੇ ਹਾਂ’। ਬ੍ਰਾਊਨ ਨੂੰ ਚਾਰ ਸੰਘੀ ਸੰਸਦ ਮੈਂਬਰਾਂ, ਤਿੰਨ ਸੂਬਾਈ ਸੰਸਦ ਮੈਂਬਰਾਂ ਅਤੇ ਦੋ ਸਿਟੀ ਕੌਂਸਲਰਾਂ ਦੇ ਸਾਹਮਣੇ ਸ਼ਰਮਿੰਦਾ ਕੀਤਾ ਗਿਆ। ਲਿਬਰਲ ਐੱਮ.ਪੀ. ਚੰਦਰ ਆਰੀਆ ਨੇ ਹਾਜ਼ਰੀਨ ਨੂੰ ਸ਼ਾਂਤ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ‘ਸਾਡੇ ‘ਚ ਬਹੁਤ ਮਤਭੇਦ ਹਨ ਪਰ ਬ੍ਰਾਊਨ ਮੰਦਰ ‘ਚ ਸਾਡੇ ਮਹਿਮਾਨ ਹਨ।’ ਟੈਗ ਟੀ.ਵੀ. ਮੁਤਾਬਕ ਪੈਟਰਿਕ ਬ੍ਰਾਊਨ ਹਿੰਦੂਫੋਬੀਆ ਅਤੇ ਇੰਡੋਫੋਬੀਆ ਬਣਾਉਣ ਲਈ ਇਕ ਜਾਣਿਆ ਜਾਂਦਾ ਸਿਆਸਤਦਾਨ ਹੈ। ਟੈਲੀਵਿਜ਼ਨ ਅਨੁਸਾਰ ਬ੍ਰਾਊਨ ਅਤੇ ਹੋਰ ਸ਼ਹਿਰਾਂ ਦੇ ਮੇਅਰਾਂ ਨੇ ਸਰਕਾਰ ਦੁਆਰਾ ਫੰਡ ਕੀਤੇ ਆਡੀਟੋਰੀਅਮਾਂ ਅਤੇ ਅਖਾੜਿਆਂ ਨੂੰ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਮ ‘ਤੇ ਜਨਮਤ ਸੰਗ੍ਰਹਿ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਹਿੰਦੂ ਪਰਵਾਸੀ ਹੈਰਾਨ ਹਨ ਕਿ ਕੈਨੇਡੀਅਨ ਮਿਊਂਸਪਲ, ਸੂਬਾਈ ਅਤੇ ਸੰਘੀ ਸਰਕਾਰਾਂ ਕਿਵੇਂ ਇਜਾਜ਼ਤ ਦੇ ਸਕਦੀਆਂ ਹਨ। ਡਾਇਸਪੋਰਾ ਇਹ ਵੀ ਸੋਚਦਾ ਹੈ ਕਿ ਜੇਕਰ ਕਿਊਬਿਕ ਰੈਫਰੈਂਡਮ ਇੰਡੀਆ ‘ਚ ਹੁੰਦਾ ਹੈ ਤਾਂ ਕੈਨੇਡੀਅਨ ਸਿਆਸਤਦਾਨ ਅਤੇ ਅਧਿਕਾਰੀ ਕਿਵੇਂ ਮਹਿਸੂਸ ਕਰਨਗੇ। ਇਸ ਤੋਂ ਪਹਿਲਾਂ ਅਕਤੂਬਰ ‘ਚ ਦੀਵਾਲੀ ਦੇ ਜਸ਼ਨ ਦੌਰਾਨ ਕੈਨੇਡਾ ਦੇ ਸ਼ਹਿਰ ਮਿਸੀਸਾਗਾ ‘ਚ 400 ਤੋਂ 500 ਲੋਕਾਂ ਵਿਚਾਲੇ ਝੜਪ ਹੋ ਗਈ ਸੀ। ਹਾਲ ਹੀ ‘ਚ ਇੰਡੀਆ ਨੇ ਕੈਨੇਡਾ ਨੂੰ ਓਂਟਾਰੀਓ ‘ਚ 6 ਨਵੰਬਰ ਨੂੰ ਖਾਲਿਸਤਾਨ ਰੈਫਰੈਂਡਮ ਨੂੰ ਰੋਕਣ ਲਈ ਵੀ ਕਿਹਾ ਹੈ।