ਇੰਡੀਆ, ਆਸਟਰੇਲੀਆ, ਜਾਪਾਨ ਤੇ ਅਮਰੀਕਾ ਦੀ ਸ਼ਮੂਲੀਅਤ ਵਾਲੇ ਕੁਆਡ ਗੱਠਜੋੜ ਨੇ ਇਕਸੁਰ ਹੋ ਕੇ ਕਿਹਾ ਕਿ ਉਹ ਹਿੰਦ-ਪ੍ਰਸ਼ਾਂਤ ਖੇਤਰ ‘ਚ ਅਜਿਹੀ ਕਿਸੇ ਵੀ ਇਕਪਾਸੜ ਕਾਰਵਾਈ ਦਾ ਵਿਰੋਧ ਕਰਨਗੇ ਜਿਸ ‘ਚ ਇਸ ਖਿੱਤੇ ਦੀ ਵਰਤਮਾਨ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜਾਂ ਤਣਾਅ ਵਧਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਖੇਤਰ ‘ਚ ਚੀਨ ਦਾ ਰਵੱਈਆ ਹਮਲਾਵਰ ਰਿਹਾ ਹੈ। ਕੁਆਡ ਮੁਲਕਾਂ ਦੇ ਵਿਦੇਸ਼ ਮੰਤਰੀ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਦੌਰਾਨ ਮਿਲੇ ਹਨ। ਇਸ ਮੁਲਾਕਾਤ ਦਾ ਮੰਤਵ ਬਹੁਪੱਖੀ ਸਹਿਯੋਗ ਨੂੰ ਡੂੰਘਾ ਕਰਨਾ ਸੀ। ਇਸ ਮੌਕੇ ਕੁਆਡ ਮੁਲਕਾਂ ਨੇ ਖੁੱਲ੍ਹੇ ਤੇ ਆਜ਼ਾਦ ਹਿੰਦ-ਪ੍ਰਸ਼ਾਂਤ ਖੇਤਰ ਦੀ ਹਾਮੀ ਭਰੀ। ਮੀਟਿੰਗ ‘ਚ ਇੰਡੀਆ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੋਂ ਇਲਾਵਾ ਆਸਟਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੌਂਗ, ਜਾਪਾਨ ਦੇ ਵਿਦੇਸ਼ ਮੰਤਰੀ ਹਯਾਸ਼ੀ ਯੋਸ਼ੀਮਾਸਾ ਤੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਹਿੱਸਾ ਲਿਆ। ਸਾਂਝਾ ਬਿਆਨ ਜਾਰੀ ਕਰਦਿਆਂ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਕਿਹਾ ਕਿ ਕੁਆਡ ਦੇ ਨਜ਼ਰੀਏ ਮੁਤਾਬਕ ਉਹ ਅਜਿਹਾ ਖੇਤਰ ਸਿਰਜਣਾ ਚਾਹੁੰਦੇ ਹਨ ਜਿੱਥੇ ਨੇਮਾਂ ਅਧਾਰਿਤ ਕੌਮਾਂਤਰੀ ਵਿਵਸਥਾ ਹੋਵੇ, ਤੇ ਆਜ਼ਾਦੀ, ਕਾਨੂੰਨ, ਲੋਕਤੰਤਰਿਕ ਕਦਰਾਂ-ਕੀਮਤਾਂ ਤੇ ਖੇਤਰੀ ਅਖੰਡਤਾ ਦਾ ਸਤਿਕਾਰ ਹੋਵੇ। ਉਨ੍ਹਾਂ ਕਿਹਾ ਕਿ ਕੁਆਡ ਮੁਲਕ ਕਿਸੇ ਵੀ ਇਕਪਾਸੜ ਕਾਰਵਾਈ ਦਾ ਡਟਵਾਂ ਵਿਰੋਧ ਕਰਨਗੇ। ਉਨ੍ਹਾਂ ਨਾਲ ਹੀ ਦੁਹਰਾਇਆ ਕਿ ਕੌਮਾਂਤਰੀ ਸ਼ਾਂਤੀ ਤੇ ਸੁਰੱਖਿਆ ਲਈ ਹਿੰਦ-ਪ੍ਰਸ਼ਾਂਤ ਖੇਤਰ ਦਾ ਵਿਕਾਸ ਤੇ ਖ਼ੁਸ਼ਹਾਲੀ ਅਹਿਮ ਹੈ। ਮੀਟਿੰਗ ‘ਚ ਕੁਆਡ ਮੁਲਕਾਂ ਨੇ ਸੰਯੁਕਤ ਰਾਸ਼ਟਰ ਐਲਾਨਨਾਮੇ ਦਾ ਵੀ ਸਮਰਥਨ ਕੀਤਾ। ਇਨ੍ਹਾਂ ਵੱਲੋਂ ਸੰਯੁਕਤ ਰਾਸ਼ਟਰ ਢਾਂਚੇ ‘ਚ ਸੁਧਾਰ ਦੀ ਵੀ ਵਕਾਲਤ ਕੀਤੀ ਗਈ। ਕੁਆਡ ਮੁਲਕਾਂ ਨੇ ਆਸੀਆਨ ਦੇਸ਼ਾਂ ਲਈ ਆਪਣੀ ਹਮਾਇਤ ਦਾ ਪ੍ਰਗਟਾਵਾ ਵੀ ਕੀਤਾ। ਜ਼ਿਕਰਯੋਗ ਹੈ ਕਿ ਚੀਨ ਲਗਭਗ ਸਾਰੇ ਵਿਵਾਦਤ ਦੱਖਣੀ ਚੀਨ ਸਾਗਰ’ਤੇ ਆਪਣਾ ਦਾਅਵਾ ਕਰਦਾ ਹੈ। ਜਦਕਿ ਤਾਇਵਾਨ, ਫਿਲਪੀਨਜ਼, ਬਰੂਨੇਈ, ਮਲੇਸ਼ੀਆ ਤੇ ਵੀਅਤਨਾਮ ਸਾਰੇ ਦੱਖਣੀ ਚੀਨ ਸਾਗਰ ਦੇ ਵੱਖ-ਵੱਖ ਹਿੱਸਿਆਂ ਨੂੰ ਆਪਣਾ ਮੰਨਦੇ ਹਨ। ਪੇਈਚਿੰਗ ਨੇ ਦੱਖਣੀ ਚੀਨ ਸਾਗਰ ‘ਚ ਟਾਪੂ ਤੇ ਕਈ ਫ਼ੌਜੀ ਟਿਕਾਣੇ ਵੀ ਬਣਾਏ ਹਨ। ਚੀਨ ਦਾ ਇਥੇ ਜਾਪਾਨ ਨਾਲ ਵੀ ਟਕਰਾਅ ਹੈ।