ਇੰਡੀਆ ਤੇ ਪਾਕਿਸਤਾਨ ਵਿਚਕਾਰ ਹੋਣ ਵਾਲੇ ਹਰੇਕ ਮੈਚ ਪ੍ਰਤੀ ਲੋਕਾਂ ‘ਚ ਭਾਰੀ ਖਿੱਚ ਰਹਿੰਦੀ ਹੈ ਅਤੇ ਜੇਕਰ ਇਹ ਮੈਚ ਵਰਲਡ ਕੱਪ ਦਾ ਹੋਵੇ ਤਾਂ ਇਹ ਹੋਰ ਵੀ ਵਧ ਜਾਂਦੀ ਹੈ। ਟੀ-20 ਵਰਲਡ ਕੱਪ ‘ਚ ਇੰਡੀਆ ਬਨਾਮ ਪਾਕਿਸਤਾਨ ਮੈਚ ਦੇ ਨੇੜੇ ਆਉਂਦੇ ਹੀ ਟਿਕਟਾਂ ਨੂੰ ਲੈ ਕੇ ਮਾਰਾਮਾਰੀ ਸ਼ੁਰੂ ਹੋ ਗਈ ਹੈ। ਭਾਰਤੀ ਟੀਮ ਨੇ ਐੱਮ.ਸੀ.ਜੀ. ‘ਚ ਪਾਕਿਸਤਾਨ ਵਿਰੁੱਧ ਵਰਲਡ ਕੱਪ-2022 ਦਾ ਆਪਣਾ ਪਹਿਲਾ ਮੁਕਾਬਲਾ ਖੇਡਣਾ ਹੈ। ਇਸ ਮੈਚ ਦੀਆਂ ਟਿਕਟਾਂ 50 ਗੁਣਾ ਵੱਧ ਕੀਮਤ ‘ਤੇ ਵਿਕ ਰਹੀਆਂ ਹਨ। ਆਈ.ਸੀ.ਸੀ. ਪਹਿਲਾਂ ਹੀ ਟੀ-20 ਵਰਲਡ ਕੱਪ ਦੇ ਸਾਰੇ ਮੈਚਾਂ ਲਈ 5 ਲੱਖ ਟਿਕਟਾਂ ਵੇਚ ਚੁੱਕਾ ਹੈ ਪਰ ਹੋਰ ਕਿਸੇ ਵੀ ਮੈਚ ਲਈ ਪ੍ਰਸ਼ੰਸਕ ਇੰਨੇ ਉਤਸ਼ਾਹਿਤ ਨਹੀਂ ਦਿਸ ਰਹੇ ਹਨ, ਜਿੰਨੇ ਇੰਡੀਆ ਬਨਾਮ ਪਾਕਿਸਤਾਨ ਮੈਚ ਲਈ ਹਨ। ਆਈ.ਸੀ.ਸੀ. ਦੀ ਵੈੱਬਸਾਇਟ ਨੇ ਬੀਤੇ ਦਿਨੀਂ ਹੀ ਇੰਡੀਆ ਬਨਾਮ ਪਾਕਿਸਤਾਨ ਮੈਚ ਦੀਆਂ ਟਿਕਟਾਂ ਸਿਰਫ 5 ਮਿੰਟ ‘ਚ ਹੀ ਵੇਚ ਦਿੱਤੀਆਂ ਸਨ। ਹੁਣ ਆਸਟਰੇਲੀਆ ਮੀਡੀਆ ਖਬਰ ਦੇ ਰਿਹਾ ਹੈ ਕਿ ਕੁਝ ਟਿਕਟਧਾਰਕ ਆਪਣੀਆਂ ਟਿਕਟਾਂ ਲਗਭਗ 50 ਗੁਣਾ ਵੱਧ ਕੀਮਤ ‘ਤੇ ਵੇਚ ਰਹੇ ਹਨ। ਟਿਕਮਬੂ ਵੈੱਬਸਾਈਟ ਦੇ ਅਨੁਸਾਰ ਇੰਡੀਆ-ਪਾਕਿ ਮੈਚ ਦੀ ਸਭ ਤੋਂ ਸਸਤੀ ਟਿਕਟ 85 ਯੂਰੋ ਦੀ ਹੈ ਜਿਹੜੀ ਕਿ ਭਾਰਤੀ ਕਰੰਸੀ ਅਨੁਸਾਰ ਤਕਰੀਬਨ 7 ਹਜ਼ਾਰ ਦੀ ਬਣਦੀ ਹੈ। ਸਭ ਤੋਂ ਮਹਿੰਗੀ ਟਿਕਟ 307 ਯੂਰੋ ਅਰਥਾਤ 1.05 ਲੱਖ ਰੁਪਏ ਦੀ ਹੈ। ਸਟੇਡੀਅਮ ‘ਚ 30 ਤੋਂ ਵੱਧ ਬਲਾਕ ਹਨ। ਸੀਟਾਂ ਨੂੰ ਵੱਖ-ਵੱਖ ਸ਼੍ਰੇਣੀਆਂ ‘ਚ ਵੰਡਿਆ ਗਿਆ ਹੈ। ਆਈ.ਸੀ.ਸੀ. ਨੇ ਬੀਤੇ ਦਿਨੀਂ ਰਿਪੋਰਟ ਦਿੱਤੀ ਸੀ ਕਿ ਟੀ-20 ਵਰਲਡ ਕੱਪ ਲਈ 82 ਵੱਖ-ਵੱਖ ਦੇਸ਼ਾਂ ਦੇ ਪ੍ਰਸ਼ੰਸਕਾਂ ਨੇ ਟਿਕਟਾਂ ਬੁੱਕ ਕਰਵਾਈਆਂ ਹਨ। ਇਹ ਅੰਕੜਾ ਇਸ ਲਈ ਵੀ ਖਾਸ ਹੈ ਕਿਉਂਕਿ ਕ੍ਰਿਕਟ 30 ਦੇਸ਼ਾਂ ‘ਚ ਹੀ ਖੇਡੀ ਜਾਂਦੀ ਹੈ। ਦਿ ਆਸਟਰੇਲੀਨ ਦੀ ਇਕ ਰਿਪੋਰਟ ਮੁਤਾਬਕ ਕੁਝ ਸ਼ੁਰੂਆਤੀ ਖ਼ਰੀਦਾਰਾਂ ਨੂੰ 23 ਅਕਤੂਬਰ ‘ਚ ਇੰਡੀਆ -ਪਾਕਿ ਟਿਕਟਾਂ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਬਲੈਕ ਮਾਰਕਿਟ ‘ਚ ਨਿਰਧਾਰਤ ਮੁੱਲ ਤੋਂ 50 ਗੁਣਾ ਵੱਧ ਵੇਚਦੇ ਹੋਏ ਦੇਖਿਆ ਗਿਆ ਹੈ। ਟਿਕਟਾਂ ਬਲੈਕ ਹੋ ਰਹੀਆਂ ਹਨ, ਇਸ ਦਾ ਪਤਾ ਮੈਲਬੋਰਨ ‘ਚ ਇਕ ਭਾਰਤੀ ਪ੍ਰਸ਼ੰਸਕ ਤੋਂ ਲੱਗਾ। ਮੈਲਬੋਰਨ ‘ਚ ਭਾਰਤੀਆਂ ਦੇ ਬਣੇ ਫੇਸਬੁੱਕ ਗਰੁੱਪ ‘ਤੇ ਇਕ ਮੈਂਬਰ ਨੇ ਲਿਖਿਆ, ‘ਜਦੋਂ ਮੈਂ ਸਾਈਟ ‘ਤੇ ਟਿਕਟ ਖਰੀਦਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਟਿਕਟਾਂ ਉਪਲੱਬਧ ਹੋਣ ‘ਤੇ 5 ਮਿੰਟ ‘ਚ ਹੀ ਵਿਕ ਗਈਆਂ ਸਨ। ਇੰਡੀਆ-ਪਾਕਿ ਮੈਚ ਐੱਮ.ਸੀ.ਜੀ. ਦੇ ਮੈਦਾਨ ‘ਤੇ ਹੋਣਾ ਹੈ, ਜਿਹੜਾ ਕ੍ਰਿਕਟ ਦੁਨੀਆਂ ਦੇ ਸਭ ਤੋਂ ਵੱਡੇ ਮੈਦਾਨਾਂ ‘ਚੋਂ ਇਕ ਹੈ ਜਿਥੇ ਇਕ ਲੱਖ ਸੀਟਾਂ ਉਪਲੱਬਧ ਹਨ। ਇੰਡੀਆ ਦੇ ਨਰਿੰਦਰ ਮੋਦੀ ਕੌਮਾਂਤਰੀ ਸਟੇਡੀਅਮ ਤੋਂ ਬਾਅਦ ਇਹ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਹੈ। ਇੰਡੀਆ ਦੇ ਅਹਿਮਦਬਾਦ ਸਥਿਤ ਮੋਦੀ ਸਟੇਡੀਅਮ ‘ਚ ਤਕਰੀਬਨ ਸਵਾ ਲੱਖ ਲੋਕਾਂ ਦੇ ਬੈਠਣ ਦਾ ਪ੍ਰਬੰਧ ਹੈ।