ਲੰਡਨ ਦੇ ਹੀਥਰੋ ਏਅਰਪੋਰਟ ‘ਤੇ ਬੀਤੇ ਦਿਨੀਂ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇਕ ਪੈਕੇਟ ‘ਚ ਥੋੜ੍ਹੀ ਮਾਤਰਾ ‘ਚ ਯੂਰੇਨੀਅਮ ਪਾਇਆ ਗਿਆ। ਸਕਾਈ ਨਿਊਜ਼ ਨੇ ਅੱਜ ਦੱਸਿਆ ਕਿ ਨਿਯਮਿਤ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ। ਇਸ ਮਾਮਲੇ ਬਾਰੇ ਮੈਟਰੋਪੋਲੀਟਨ ਪੁਲੀਸ ਨੇ ਕਿਹਾ ਕਿ ਉਸ ਦੀ ਕਾਊਂਟਰ ਟੈਰੋਰਿਜ਼ਮ ਕਮਾਂਡ ਯੂਨਿਟ ਨੇ ਪਿਛਲੇ ਦਿਨੀਂ ਰੁਟੀਨ ਜਾਂਚ ਤੋਂ ਬਾਅਦ ਏਅਰਪੋਰਟ ‘ਤੇ ਬਾਰਡਰ ਫੋਰਸ ਦੇ ਸਹਿਯੋਗੀਆਂ ਨਾਲ ਸੰਪਰਕ ਕੀਤਾ ਸੀ। ਯੂਰੇਨੀਅਮ ਦੀ ਮਾਤਰਾ ਬਾਰੇ ਕਮਾਂਡਰ ਰਿਚਰਡ ਸਮਿਥ ਨੇ ਕਿਹਾ ਕਿ ਬਰਾਮਦ ਕੀਤੇ ਗਏ ਯੂਰੇਨੀਅਮ ਦੀ ਮਾਤਰਾ ਬਹੁਤ ਘੱਟ ਹੈ। ਇਸ ਦੇ ਨਾਲ ਹੀ ਆਮ ਲੋਕਾਂ ਨੂੰ ਕੋਈ ਖਤਰਾ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਸਾਡੀ ਜਾਂਚ ਅਜੇ ਵੀ ਜਾਰੀ ਹੈ। ਸਾਡੀ ਹੁਣ ਤੱਕ ਦੀ ਪੁੱਛਗਿੱਛ ਤੋਂ ਇਹ ਕਿਸੇ ਸਿੱਧੇ ਧਮਕੀ ਨਾਲ ਜੁੜਿਆ ਨਹੀਂ ਜਾਪਦਾ ਹੈ। ਫਿਲਹਾਲ ਇਸ ਮਾਮਲੇ ‘ਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਰਿਚਰਡ ਸਮਿਥ ਨੇ ਕਿਹਾ ਕਿ ‘ਹਾਲਾਂਕਿ ਇਹ ਘਟਨਾ ਦਰਸਾਉਂਦੀ ਹੈ ਕਿ ਅਸੀਂ ਯੂ.ਕੇ. ਆਉਣ ਵਾਲੇ ਲੋਕਾਂ ਦੀ ਸੁਰੱਖਿਆ ਅਤੇ ਸੁਰੱਖਿਆ ਲਈ ਕਿਸੇ ਵੀ ਸੰਭਾਵੀ ਖਤਰੇ ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਬੰਦਰਗਾਹਾਂ ਅਤੇ ਸਰਹੱਦਾਂ ਦੀ ਨਿਗਰਾਨੀ ਕਰਨ ‘ਚ ਕਿੰਨੇ ਕੁ ਮਾਹਰ ਹਾਂ।’ ਸਾਡੇ ਕੋਲ ਏਅਰਪੋਰਟ ਦੀ ਸੁਰੱਖਿਆ ਲਈ ਸ਼ਾਨਦਾਰ ਤਕਨੀਕ ਹੈ। ਇਸ ਦੇ ਨਾਲ ਹੀ ਸ਼ੈਡੋ ਗ੍ਰਹਿ ਸਕੱਤਰ ਯਵੇਟ ਕੂਪਰ ਨੇ ਟਵੀਟ ਕੀਤਾ ਕਿ ਇਸ ਗੰਭੀਰ ਮਾਮਲੇ ‘ਚ ਚੱਲ ਰਹੀ ਜਾਂਚ ‘ਚ ਪੁਲੀਸ ਅਤੇ ਸੀਮਾ ਫੋਰਸ ਦਾ ਪੂਰਾ ਸਹਿਯੋਗ ਹੈ। ਦੱਸਦਈਏ ਕਿ ਯੂਰੇਨੀਅਮ ਦੀ ਵਰਤੋਂ ਸਿਵਲ ਊਰਜਾ ਉਤਪਾਦਨ ਅਤੇ ਵਿਗਿਆਨਕ ਉਦੇਸ਼ਾਂ ਲਈ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਪਰਮਾਣੂ ਹਥਿਆਰਾਂ ‘ਚ ਇਹ ਇਕ ਪ੍ਰਮੁੱਖ ਹਿੱਸਾ ਹੈ। ਇਹ ਇਕ ਅਜਿਹੀ ਧਾਤੂ ਹੈ ਜੋ ਧਰਤੀ ‘ਚ ਕੁਦਰਤੀ ਤੌਰ ‘ਤੇ ਮੌਜੂਦ ਹੈ ਪਰ ਮਨੁੱਖਾਂ ਲਈ ਨੁਕਸਾਨਦੇਹ ਹੈ ਕਿਉਂਕਿ ਇਹ ਇਕ ਜ਼ਰੂਰੀ ਪ੍ਰਮਾਣੂ ਤੱਤ ਹੈ।