ਦੁਨੀਆ ਦਾ ਸਭ ਤੋਂ ਮਸ਼ਰੂਫ ਹੀਥਰੋ ਏਅਰਪੋਰਟ ਨੇ ਮੌਜੂਦਾ ਉਡਾਣ ਪਾਬੰਦੀਆਂ ਤੇ ਰੋਜ਼ਾਨਾ ਯਾਤਰੀਆਂ ਦੀ ਵੱਧ ਤੋਂ ਵੱਧ ਗਿਣਤੀ ਦੀ ਸਮਾਂ ਸੀਮਾ 29 ਅਕਤੂਬਰ ਤੱਕ ਵਧਾ ਦਿੱਤੀ ਹੈ। ਫਿਲਹਾਲ ਇਸ ਏਅਰਪੋਰਟ ਤੋਂ ਰੋਜ਼ਾਨਾ ਇਕ ਲੱਖ ਲੋਕਾਂ ਨੂੰ ਹੀ ਸਫ਼ਰ ਕਰਨ ਦੀ ਆਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਏਅਰਪੋਰਟ ਪ੍ਰਸ਼ਾਸਨ ਨੇ ਮੁਲਾਜ਼ਮਾਂ ਦੀ ਕਮੀ ਤੇ ਸੇਵਾਵਾਂ ਨੂੰ ਲੈ ਕੇ ਦਬਾਅ ਦੇ ਚਲਦੇ ਇਹ ਫ਼ੈਸਲਾ ਕੀਤਾ ਹੈ। ਜੁਲਾਈ ‘ਚ ਏਅਰਪੋਰਟ ਤੋਂ ਸਫ਼ਰ ਕਰਨ ਵਾਲੇ ਲੋਕਾਂ ਦੀ ਰੋਜ਼ਾਨਾ ਸੀਮਾ ਇਕ ਲੱਖ ਮਿੱਥੀ ਗਈ ਸੀ ਤੇ ਇਹ 11 ਸਤੰਬਰ ਨੂੰ ਖ਼ਤਮ ਹੋਣ ਵਾਲੀ ਸੀ। ਏਅਰਪੋਰਟ ਨੇ ਇਸ ਨੂੰ ਹੁਣ ਅਕਤੂਬਰ ਦੇ ਅੰਤ ਤਕ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਨਾਲ ਸਕੂਲਾਂ ‘ਚ ਛਿਮਾਹੀ ਛੁੱਟੀਆਂ ਦੇ ਮੌਕੇ ‘ਤੇ ਕਿਤੇ ਜਾਣ ਦੀ ਯੋਜਨਾ ਬਣਾਉਣ ਵਾਲੇ ਪਰਿਵਾਰਾਂ ‘ਤੇ ਅਸਰ ਪਵੇਗਾ। ਹੀਥਰੋ ਏਅਰਪੋਰਟ ਦੇ ਮੁੱਖ ਵਪਾਰਕ ਅਧਿਕਾਰੀ ਰਾਸ ਬਾਰਕਰ ਨੇ ਕਿਹਾ, ‘ਸਾਡੀ ਪਹਿਲੀ ਚਿੰਤਾ ਇਹ ਪੱਕਾ ਕਰਨਾ ਹੈ ਕਿ ਅਸੀਂ ਆਪਣੇ ਮੁਸਾਫਿਰਾਂ ਨੂੰ ਸਫ਼ਰ ਕਰਦੇ ਸਮੇਂ ਇਕ ਵਿਸ਼ਵਾਸਯੋਗ ਸੇਵਾ ਦੇਈਏ। ਅਸੀਂ ਯਾਤਰੀਆਂ ਦੀ ਸੀਮਾ ‘ਤੇ ਲੱਗੀ ਰੋਕ ਨੂੰ ਛੇਤੀ ਹੀ ਹਟਾਉਣਾ ਚਾਹੁੰਦੇ ਹਾਂ ਪਰ ਇਹ ਉਦੋਂ ਹੋ ਸਕੇਗਾ ਜਦੋਂ ਅਸੀਂ ਸਾਰੇ ਯਾਤਰੀਆਂ ਨੂੰ ਬਿਹਤਰ ਸੇਵਾਵਾਂ ਦੇਣ ਨੂੰ ਲੈ ਕੇ ਪੂਰੀ ਤਰ੍ਹਾਂ ਆਸਵੰਦ ਹੋ ਜਾਵਾਂਗੇ।’ ਕਰੋਨਾ ਸੰਕਟ ਦੌਰਾਨ ਅੰਤਰਰਾਸ਼ਟਰੀ ਉਜਾਣਾਂ ‘ਤੇ ਰੋਕ ਕਰਕੇ ਏਅਰਪੋਰਟ ਪ੍ਰਸ਼ਾਸਨ ਨੇ ਵੱਡੀ ਗਿਣਤੀ ‘ਚ ਮੁਲਾਜ਼ਮਾਂ ਦੀ ਛਾਂਟੀ ਕੀਤੀ ਸੀ। ਹੁਣ ਕਰੋਨਾ ਖ਼ਤਮ ਹੋਣ ਤੋਂ ਬਾਅਦ ਯਾਤਰੀਆਂ ਦੀ ਗਿਣਤੀ ਤਾਂ ਵਧੀ ਹੈ ਪਰ ਗਰਾਊਂਡ ਹੈਂਡਲਿੰਗ ਤੇ ਹੋਰਨਾਂ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਗਿਣਤੀ ਨਹੀਂ ਵੱਧ ਸਕੀ। ਇਸ ਕਰਕੇ ਯਾਤਰੀਆਂ ਨੂੰ ਚੈੱਕਇਨ ਤੇ ਆਪਣਾ ਸਾਮਾਨ ਲੈਣ ਲਈ ਲੰਬੀ ਉਡੀਕ ਕਰਨੀ ਪੈਂਦੀ ਹੈ। ਕੁਝ ਮਹੀਨੇ ਪਹਿਲਾਂ ਤਾਂ ਏਅਰਪੋਰਟ ‘ਤੇ ਯਾਤਰੀਆਂ ਦੇ ਸਾਮਾਨ ਦੇ ਢੇਰ ਲੱਗ ਗਏ ਸਨ। ਹਾਲਾਤ ਇਹ ਸਨ ਕਿ ਕਿਸੇ ਯਾਤਰੀ ਦਾ ਸਾਮਾਨ ਕਿਸੇ ਦੂਜੀ ਉਡਾਣ ‘ਚ ਲੋਡ ਕੀਤਾ ਜਾ ਰਿਹਾ ਸੀ। ਹੁਣ ਹਾਲਤ ਥੋੜ੍ਹੀ ਸੁਧਰੀ ਹੈ ਪਰ ਪੂਰੀ ਤਰ੍ਹਾਂ ਠੀਕ ਹਾਲੇ ਵੀ ਨਹੀਂ ਹੋ ਸਕੀ ਹੈ।