ਪਹਿਲਾਂ ਹੀ ਸਿੱਧੂ ਮੂਸੇਵਾਲਾ ਕਤਲ ਕੇਸ ਸਮੇਤ ਕੁਝ ਹੋਰ ਮਾਮਲਿਆਂ ਕਰਕੇ ਵਿਵਾਦਾਂ ‘ਚ ਘਿਰੇ ਪੰਜਾਬੀ ਗਾਇਕ ਮਨਕੀਰਤ ਔਲਖ ਦੇ ਖ਼ਿਲਾਫ਼ ਹੁਣ ‘ਕੈਮਿਸਟਰੀ ਗੁਰੂ’ ਮਨਦੀਪ ਸਿੰਘ ਨੇ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਮਨਕੀਰਤ ਦੇ ਨਵੇਂ ਗਾਣੇ ‘ਰਾਈਜ਼ ਇਨ ਸ਼ਾਇਨ’ ਵਿੱਚ ਹਥਿਆਰਾਂ ਅਤੇ ਨਸ਼ੇ ਨੂੰ ਪ੍ਰਮੋਟ ਕੀਤਾ ਗਿਆ ਹੈ। ਸ਼ਿਕਾਇਤਕਰਤਾ ਮਨਦੀਪ ਸਿੰਘ ਵੱਲੋਂ ਦਿੱਤੀ ਗਈ ਸ਼ਿਕਾਇਤ ‘ਚ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਦਾ ਹਵਾਲਾ ਦਿੰਦੇ ਹੋਏ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੂੰ ਸ਼ਿਕਾਇਤ ਮੇਲ ਕੀਤੀ ਹੈ। ਯਾਦ ਰਹੇ ਕਿ ਕੁਝ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਮਨਕੀਰਤ ਔਲਖ ਅਤੇ ਬੱਬੂ ਮਾਨ ਸਮੇਤ ਹੋਰ ਕਈ ਕਲਾਕਾਰ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੀ ਜਾਂਚ ਕਰ ਰਹੀਆਂ ਪੰਜਾਬ ਪੁਲੀਸ ਦੀਆਂ ਵਿਸ਼ੇਸ਼ ਟੀਮਾਂ ਦੀ ਰਡਾਰ ‘ਤੇ ਹਨ। ਪੁਲੀਸ ਨੂੰ ਕਈ ਕਲਾਕਾਰਾਂ ਦੇ ਗੈਂਗਸਟਰਾਂ ਨਾਲ ਸਬੰਧ ਹੋਣ ਦੀ ਜਾਣਕਾਰੀ ਮਿਲੀ ਸੀ। ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ‘ਚ ਪੰਜਾਬ ਪੁਲੀਸ ਉਨ੍ਹਾਂ ਖ਼ਿਲਾਫ਼ ਕਿਸ ਤਰ੍ਹਾਂ ਦੀ ਕਾਰਵਾਈ ਕਰਦੀ ਹੈ। ਇਸ ਤੋਂ ਪਹਿਲਾਂ ਵੀ ਕੈਮਿਸਟਰੀ ਗੁਰੂ ਮਨਦੀਪ ਸਿੰਘ ਵੱਲੋਂ ਪੰਜਾਬੀ ਗਾਇਕ ਤੇ ਗੀਤਕਾਰ ਹੈਪੀ ਰਾਏਕੋਟੀ ਖ਼ਿਲਾਫ਼ ਵੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਰਾਏਕੋਟੀ ਦੇ ਨਵੇਂ ਗੀਤ ਦੇ ਫੋਟੋਸ਼ੂਟ ‘ਚ ਗੰਨ ਕਲਚਰ ਨੂੰ ਪ੍ਰਮੋਟ ਕਰਨ ਦੇ ਦੋਸ਼ ਲੱਗੇ ਸਨ। ਪ੍ਰੋਫ਼ੈਸਰ ਵੱਲੋਂ ਆਪਣੀ ਸ਼ਿਕਾਇਤ ‘ਚ ਕਿਹਾ ਗਿਆ ਸੀ ਕਿ ਅਦਾਲਤ ਦੇ ਹੁਕਮਾਂ ਅਤੇ ਸਰਕਾਰ ਦੇ ਨਿਰਦੇਸ਼ ਦੇ ਬਾਵਜੂਦ ਵੀ ਗੀਤਕਾਰ ਹੈਪੀ ਨੇ ਆਪਣੇ ਗਾਣੇ ‘ਚ ਗੰਨ ਕਲਚਰ ਨੂੰ ਬੜ੍ਹਾਵਾ ਦਿੰਦੇ ਹੋਏ ਨੌਜਵਾਨ ਪੀੜ੍ਹੀ ਨੂੰ ਗ਼ਲਤ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ। ਯਾਦ ਰਹੇ ਕਿ ਪਿਛਲੇ ਕੁਝ ਸਾਲਾਂ ਅੰਦਰ ਪੰਜਾਬੀ ਗਾਣਿਆਂ ‘ਚ ਗੰਨ ਕਲਚਰ ਤੇ ਨਸ਼ਿਆਂ ਨੂੰ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਗਿਆ ਜੋ ਹੁਣ ਵੀ ਜਾਰੀ ਹੈ। ਇਸ ਬਾਰੇ ਅਦਾਲਤ ਵੀ ਨਿਰਦੇਸ਼ ਜਾਰੀ ਕਰ ਚੁੱਕੀ ਹੈ ਜਿਨ੍ਹਾਂ ਦੀ ਅਣਦੇਖੀ ਹੋਣ ਕਰਕੇ ਹੀ ਤਾਜ਼ਾ ਸ਼ਿਕਾਇਤ ਦਰਜ ਕਰਵਾਈ ਗਈ ਹੈ।