ਰੂਸ ਤੇ ਯੂਕਰੇਨ ’ਚ ਹਾਲੇ ਯੁੱਧ ਮੁੱਕਿਆ ਨਹੀਂ ਕਿ ਹੁਣ ਚੀਨ ਤੇ ਤਾਇਵਾਨ ਵਿਚਕਾਰ ਯੁੱਧ ਵਰਗੇ ਹਾਲਾਤ ਪੈਦਾ ਹੋਣ ਲੱਗੇ ਹਨ। ਦੋਹਾਂ ਦੇਸ਼ਾਂ ’ਚ ਇਸ ਸਮੇਂ ਭਾਰੀ ਤਣਾਅ ਹੈ ਅਤੇ ਅਮਰੀਕਨ ਪ੍ਰਤੀਨਿਧ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਦੇ ਤਾਇਵਾਨ ਦੇ ਦੌਰੇ ਨਾਲ ਇਹ ਤਣਾਅ ਹੋਰ ਵਧ ਗਿਆ ਹੈ। ਅਮਰੀਕਾ ਨੇ ਸਪੱਸ਼ਟ ਕਿਹਾ ਹੈ ਕਿ ਉਹ ਤਾਇਵਾਨ ਦੀ ਹਮਾਇਤ ਤੋਂ ਪਿੱਛੇ ਨਹੀਂ ਹਟੇਗਾ ਤਾਂ ਦੂਜੇ ਪਾਸੇ ਚੀਨ ਵੀ ਸਖ਼ਤ ਧਮਕੀਆਂ ਦੇਣ ’ਤੇ ਉੱਤਰ ਆਇਆ ਹੈ। ਅਮਰੀਕਨ ਵਫ਼ਦ ਇਹ ਸੁਨੇਹਾ ਦੇ ਰਿਹਾ ਹੈ ਕਿ ਅਮਰੀਕਾ ਸਵੈ-ਸ਼ਾਸਿਤ ਟਾਪੂ ਪ੍ਰਤੀ ਆਪਣੀ ਵਚਨਬੱਧਤਾ ਤੋਂ ਪਿੱਛੇ ਨਹੀਂ ਹਟੇਗਾ। ਉਨ੍ਹਾਂ ਕਿਹਾ ਕਿ ਤਾਇਵਾਨ ਨੂੰ ਅਮਰੀਕਾ ਇਕੱਲਿਆਂ ਨਹੀਂ ਛੱਡੇਗਾ ਅਤੇ ਉਸ ਦੀ ਰੱਖਿਆ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣਗੇ। ਚੀਨ ਦੇ ਵਿਰੋਧ ਦੇ ਬਾਵਜੂਦ ਪੇਲੋਸੀ ਦੀ ਅਗਵਾਈ ਹੇਠਲੇ ਵਫ਼ਦ ਨੇ ਤਾਇਵਾਨ ’ਚ ਕਈ ਪ੍ਰੋਗਰਾਮਾਂ ’ਚ ਸ਼ਮੂਲੀਅਤ ਕੀਤੀ। ਇਸ ਮਗਰੋਂ ਨੈਨਸੀ ਪੇਲੋਸੀ ਤਾਇਵਾਨ ਤੋਂ ਦੱਖਣੀ ਕੋਰੀਆ ਲਈ ਰਵਾਨਾ ਹੋ ਗਈ। ਤਾਇਵਾਨ ਦੀ ਰਾਸ਼ਟਰਪਤੀ ਸਾਈ ਇੰਗ-ਵੇਨ ਨਾਲ ਮੀਟਿੰਗ ਦੌਰਾਨ ਆਪਣੇ ਸੰਖੇਪ ਭਾਸ਼ਣ ’ਚ ਪੇਲੋਸੀ ਨੇ ਕਿਹਾ, ‘ਅੱਜ ਦੁਨੀਆ ਸਾਹਮਣੇ ਲੋਕਤੰਤਰ ਅਤੇ ਤਾਨਾਸ਼ਾਹੀ ਵਿਚੋਂ ਕਿਸੇ ਇਕ ਨੂੰ ਚੁਣਨ ਦੀ ਚੁਣੌਤੀ ਹੈ। ਤਾਇਵਾਨ ਅਤੇ ਦੁਨੀਆ ਭਰ ’ਚ ਸਾਰੀਆਂ ਥਾਵਾਂ ’ਤੇ ਲੋਕਤੰਤਰ ਦੀ ਰੱਖਿਆ ਨੂੰ ਲੈ ਕੇ ਅਮਰੀਕਾ ਆਪਣੀ ਵਚਨਬੱਧਤਾ ਪ੍ਰਤੀ ਬਜ਼ਿਦ ਹੈ।’ ਤਾਇਵਾਨ ਨੂੰ ਆਪਣਾ ਇਲਾਕਾ ਦੱਸਣ ਅਤੇ ਉਥੋਂ ਦੇ ਅਧਿਕਾਰੀਆਂ ਵੱਲੋਂ ਹੋਰ ਮੁਲਕਾਂ ਨਾਲ ਗੱਲਬਾਤ ਦਾ ਵਿਰੋਧ ਕਰਨ ਵਾਲੇ ਚੀਨ ਨੇ ਅਮਰੀਕਨ ਵਫ਼ਦ ਦੇ ਤਾਇਵਾਨ ਦੀ ਰਾਜਧਾਨੀ ਤਾਇਪੇ ਪਹੁੰਚਣ ਮਗਰੋਂ ਟਾਪੂ ਦੇ ਚਾਰੇ ਪਾਸੇ ਫ਼ੌਜੀ ਮਸ਼ਕਾਂ ਦਾ ਐਲਾਨ ਕਰ ਦਿੱਤਾ ਅਤੇ ਸਖ਼ਤ ਬਿਆਨ ਜਾਰੀ ਕੀਤੇ। ਚੀਨ ਨੇ ਤਾਇਵਾਨ ਤੋਂ ਫਲਾਂ ਅਤੇ ਮੱਛੀ ਸਮੇਤ ਕੁਝ ਹੋਰ ਵਸਤਾਂ ਦੀ ਦਰਾਮਦ ’ਤੇ ਵੀ ਪਾਬੰਦੀ ਲਗਾ ਦਿੱਤੀ। ਚੀਨ ਨੇ ਕਈ ਫਾਈਟਰ ਜੈੱਟ ਵੀ ਤਾਇਨਾਤ ਕੀਤੇ ਹਨ ਅਤੇ ਜਾਣਕਾਰੀ ਮੁਤਾਬਕ ਕੁਝ ਜੈੱਟਾਂ ਨੇ ਸਰਹੱਦੀ ਇਲਾਕਿਆਂ ’ਚ ਉਡਾਣਾਂ ਵੀ ਭਰੀਆਂ। ਚੀਨ ਨੇ ਤਾਇਵਾਨ ਨੂੰ ਆਜ਼ਾਦ ਕਰਾਉਣ ਲਈ ਸਰਗਰਮ ਕੁਝ ਜਥੇਬੰਦੀਆਂ ਅਤੇ ਅਦਾਰਿਆਂ ਖ਼ਿਲਾਫ਼ ਸਖ਼ਤ ਕਦਮ ਉਠਾਉਣ ਦੀ ਵੀ ਚਿਤਾਵਨੀ ਦਿੱਤੀ ਹੈ। ਉਧਰ ਤਾਇਵਾਨ ਨੇ ਵੀ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਖੁਦਮੁਖਤਿਆਰੀ ਦੀ ਉਲੰਘਣਾ ਹੋਈ ਤਾਂ ਉਹ ਵੀ ਇਸ ਦਾ ਜਵਾਬ ਦੇਣਗੇ। ਰਾਸ਼ਟਰਪਤੀ ਨੇ ਅਮਰੀਕਾ ਵੱਲੋਂ ਤਾਇਵਾਨ ਦੀ ਦਹਾਕਿਆਂ ਤੋਂ ਹਮਾਇਤ ਲਈ ਪੇਲੋਸੀ ਦਾ ਧੰਨਵਾਦ ਕੀਤਾ ਅਤੇ ਸਪੀਕਰ ਨੂੰ ਦੇਸ਼ ਦੇ ਸਰਵਉੱਚ ਸਨਮਾਨ ‘ਦਿ ਆਰਡਰ ਆਫ਼ ਦਿ ਪ੍ਰੋਪਿਸ਼ੀਅਸ ਕਲਾਊਡਜ਼’ ਨਾਲ ਸਨਮਾਨਿਤ ਕੀਤਾ।