ਕੈਨੇਡਾ ’ਚ ਪੰਜਾਬੀ ਮੂਲ ਦੇ ਹਾਕੀ ਖਿਡਾਰੀ ਪਰਮ ਧਾਲੀਵਾਲ ਦੀ ਮ੍ਰਿਤਕ ਦੇਹ ਨਿਊਯਾਰਕ ਦੇ ਇਕ ਹੋਟਲ ਦੇ ਕਮਰੇ ’ਚੋਂ ਮਿਲੀ ਜਿਸ ਬਾਰੇ ਹਾਲੇ ਤੱਕ ਕੋਈ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆ ਸਕੀ। ਦੂਜੇ ਪਾਸੇ ਇਸ ਮ੍ਰਿਤਕ ਹਾਕੀ ਖਿਡਾਰੀ ਦਾ ਅੰਤਿਮ ਸਸਕਾਰ 7 ਅਗਸਤ ਨੂੰ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਰਮ ਧਾਲੀਵਾਲ ਲੰਘੀ 30 ਜੁਲਾਈ ਨੂੰ ਨਿਊਯਾਰਕ ਦੇ ਇਕ ਹੋਟਲ ਦੇ ਕਮਰੇ ’ਚ ਮ੍ਰਿਤਕ ਪਾਇਆ ਗਿਆ ਸੀ। ਵੈਸਟ ਕੈਲੋਨਾ ਵਾਰੀਅਰਜ਼ ਨੇ ਟਵਿਟਰ ’ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਸੀ। ਜਾਣਕਾਰੀ ਮੁਤਾਬਕ ਪਰਮ ਧਾਲੀਵਾਲ ਦਾ ਅੰਤਿਮ ਸਸਕਾਰ 7 ਅਗਸਤ ਐਤਵਾਰ ਨੂੰ ਡੈਲਟਾ ’ਚ ਕੀਤਾ ਜਾਵੇਗਾ। ਪਰਮ ਧਾਲੀਵਾਲ ਵਾਰੀਅਰਜ਼ ਲਈ 2016 ਤੋਂ ਤਿੰਨ ਸਾਲ ਖੇਡਿਆ। 2016 ’ਚ ਚਿਲੀਵੈਕ ਚੀਫਸ ਨਾਲ ਦੋ ਗੇਮਾਂ ਖੇਡਣ ਤੋਂ ਬਾਅਦ ਧਾਲੀਵਾਲ ਨੂੰ ਵਾਰੀਅਰਜ਼ ਵੱਲੋਂ ਸਾਈਨ ਕੀਤਾ ਗਿਆ ਸੀ। ਉਸ ਨੇ ਤਿੰਨ ਸੀਜ਼ਨਾਂ ’ਚ ਖੇਡੇ ਗਏ 148 ਮੈਚਾਂ ’ਚ 38 ਗੋਲ ਅਤੇ 82 ਗੋਲ ਕਰਨ ’ਚ ਯੋਗਦਾਨ ਪਾਇਆ। 2019 ’ਚ ਧਾਲੀਵਾਲ ਦੇ ਲਾਈਨਮੇਟ ਰਹੇ ਮਾਈਕ ਹਾਰਡਮੈਨ ਨੇ ਟਵਿੱਟਰ ’ਤੇ ਉਨ੍ਹਾਂ ਦੇ ਦੇਹਾਂਤ ’ਤੇ ਦੁੱਖ ਜ਼ਾਹਿਰ ਕੀਤਾ। ਧਾਲੀਵਾਲ ਨੇ ਬੀ.ਸੀ.ਐੱਚ.ਐੱਲ. ਹਾਕੀ ਦੇ ਆਪਣੇ ਆਖ਼ਰੀ ਸਾਲ ਲਈ 2019-20 ਦੇ ਸੀਜ਼ਨ ’ਚ ਖੇਡਣਾ ਸੀ ਪਰ ਪ੍ਰੀ-ਸੀਜ਼ਨ ’ਚ ਸਕੇਟਿੰਗ ਕਰਨ ਤੋਂ ਬਾਅਦ ਮਾਨਸਿਕ ਪਰੇਸ਼ਾਨੀ ਕਾਰਨ ਉਸ ਨੂੰ ਖੇਡ ਤੋਂ ਸੰਨਿਆਸ ਲੈਣ ਲਈ ਮਜਬੂਰ ਹੋਣਾ ਪਿਆ। ਹਾਲਾਂਕਿ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਾ ਹੈ ਪਰ ਜਾਂਚ ਜਾਰੀ ਹੈ।