ਭਾਰਤੀ ਹਾਕੀ ਟੀਮ ਨੇ ਦੱਖਣੀ ਅਫਰੀਕਾ ਨੂੰ 3-2 ਨਾਲ ਹਰਾ ਕੇ ਕਾਮਨਵੈਲਥ ਗੇਮਜ਼ ਦੀ ਪੁਰਸ਼ ਹਾਕੀ ਪ੍ਰਤੀਯੋਗਿਤਾ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ। ਦੁਨੀਆ ਦੀ 5ਵੇਂ ਨੰਬਰ ਦੀ ਟੀਮ ਇੰਡੀਆ ਨੂੰ ਪੂਰੇ 60 ਮਿੰਟ 13ਵੀਂ ਰੈਂਕਿੰਗ ਵਾਲੀ ਦੱਖਣੀ ਅਫਰੀਕਾ ਨੇ ਸਖਤ ਚੁਣੌਤੀ ਦਿੱਤੀ। ਦੱਖਣੀ ਅਫਰੀਕਾ ਨੇ ਨਿਊਜ਼ੀਲੈਂਡ ਨੂੰ ਪੂਲ-ਏ ‘ਚ ਪਛਾੜ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾਈ ਸੀ। ਲੀਗ ਗੇੜ ‘ਚ ਅਜੇਤੂ ਰਹੀ ਇੰਡੀਾ ਲਈ ਅਭਿਸ਼ੇਕ ਨੇ 20ਵੇਂ ਮਿੰਟ ‘ਚ, ਮਨਦੀਪ ਸਿੰਘ ਨੇ 28ਵੇਂ ਤੇ ਜੁਗਰਾਜ ਸਿੰਘ ਨੇ 58ਵੇਂ ਮਿੰਟ ‘ਚ ਗੋਲ ਕੀਤੇ, ਜਦਕਿ ਦੱਖਣੀ ਅਫਰੀਕਾ ਲਈ ਰਿਆਨ ਜੂਲੀਅਸ ਨੇ 33ਵੇਂ ਤੇ ਐੱਮ. ਕਾਮਿਸ ਨੇ 59ਵੇਂ ਮਿੰਟ ‘ਚ ਗੋਲ ਕੀਤੇ। ਰਾਸ਼ਟਰਮੰਡਲ ਖੇਡਾਂ ਦੀ ਪੁਰਸ਼ ਹਾਕੀ ਟੀਮ ‘ਚ ਇੰਡੀਆ ਨੇ ਅੱਜ ਤੱਕ ਸੋਨ ਤਗ਼ਮਾ ਨਹੀਂ ਜਿੱਤਿਆ ਤੇ ਸਾਰੇ 6 ਸੋਨ ਤਗ਼ਮੇ ਆਸਟਰੇਲੀਆ ਦੇ ਨਾਂ ਰਹੇ ਹਨ। ਇੰਡੀਆ ਨੇ ਦੋ ਵਾਰ 2010 ‘ਚ ਦਿੱਲੀ ਤੇ 2014 ‘ਚ ਗਲਾਸਗੋ ‘ਚ ਚਾਂਦੀ ਦੇ ਤਗ਼ਮੇ ਆਪਣੇ ਨਾਂ ਕੀਤੇ, ਜਦਕਿ ਪਿਛਲੀ ਵਾਰ ਗੋਲਡ ਕੋਸਟ ‘ਚ ਇੰਡੀਆ ਦੀ ਝੋਲੀ ਖਾਲੀ ਰਹੀ ਸੀ। ਫਾਈਨਲ 8 ਅਗਸਤ ਨੂੰ ਖੇਡਿਆ ਜਾਵੇਗਾ।