ਹਾਕੀ ਵਰਲਡ ਕੱਪ ਅਗਲੇ ਸਾਲ ਦੇ ਸ਼ੁਰੂ ‘ਚ 13 ਤੋਂ 29 ਜਨਵਰੀ ਤੱਕ ਇੰਡੀਆ ਦੇ ਸੂਬੇ ਉੜੀਸਾ ਵਿਖੇ ਹੋਣ ਜਾ ਰਿਹਾ ਹੈ। ਇਸ ‘ਚ ਇੰਡੀਆ ਦੇ ਜਿੱਤਣ ਦੀਆਂ ਕਾਫੀ ਉਮੀਦਾਂ ਹਨ। ਉੜੀਸਾ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਐਲਾਨ ਕੀਤਾ ਹੈ ਕਿ ਪੁਰਸ਼ ਹਾਕੀ ਵਿਸ਼ਵ ਕੱਪ ਲਈ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਸੱਦਾ ਦਿੱਤਾ ਜਾਵੇਗਾ। ਪਟਨਾਇਕ ਨੇ ਸਰਬ ਪਾਰਟੀ ਮੀਟਿੰਗ ਦੌਰਾਨ ਇਹ ਐਲਾਨ ਕੀਤਾ। ਉਨ੍ਹਾਂ ਕਿਹਾ, ‘ਅਸੀਂ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਸੱਦਾ ਦੇਣ ਦਾ ਫੈਸਲਾ ਕੀਤਾ ਹੈ।’ ਉਨ੍ਹਾਂ ਕੇਂਦਰ ਸਰਕਾਰ ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 13 ਤੋਂ 29 ਜਨਵਰੀ ਤੱਕ ਹੋਣ ਵਾਲੇ ਟੂਰਨਾਮੈਂਟ ਦੀ ਮੇਜ਼ਬਾਨੀ ‘ਚ ਸਹਿਯੋਗ ਲਈ ਧੰਨਵਾਦ ਕੀਤਾ। ਆਪਣੇ ਜ਼ਮਾਨੇ ਦੇ ਦਿੱਗਜ਼ ਖਿਡਾਰੀ ਦਿਲੀਪ ਟਿਰਕੀ ਦਾ ਮੰਨਣਾ ਹੈ ਕਿ ਮੌਜੂਦਾ ਭਾਰਤੀ ਹਾਕੀ ਟੀਮ ਕੋਲ ਬਹੁਤ ਸਾਰੇ ਗੁਣਵਾਨ ਖਿਡਾਰੀ ਹਨ, ਜੋ ਦੇਸ਼ ਨੂੰ 47 ਸਾਲ ਬਾਅਦ ਵਰਲਡ ਕੱਪ ਜਿਤਾਉਣ ਦੇ ਸਮਰੱਥ ਹਨ। ਇੰਡੀਆ ਨੇ ਇਕੋ-ਇਕ ਵਰਲਡ ਕੱਪ 1975 ‘ਚ ਕੁਆਲਾਲੰਪੁਰ ‘ਚ ਜਿੱਤਿਆ ਸੀ। ਮੇਜ਼ਬਾਨ ਹੋਣ ਦੇ ਨਾਤੇ ਇੰਡੀਆ ਕੋਲ ਭੁਵਨੇਸ਼ਵਰ ਅਤੇ ਰੂੜਕੇਲਾ ‘ਚ 13 ਤੋਂ 29 ਜਨਵਰੀ ਤੱਕ ਹੋਣ ਵਾਲੇ ਵਰਲਡ ਕੱਪ ‘ਚ ਪੋਡੀਅਮ ‘ਤੇ ਪਹੁੰਚਣ ਦਾ ਸੁਨਹਿਰੀ ਮੌਕਾ ਹੋਵੇਗਾ। ਟਿਰਕੀ ਨੇ ਕਿਹਾ, ‘ਮੌਜੂਦਾ ਭਾਰਤੀ ਪੁਰਸ਼ ਟੀਮ ਆਤਮ-ਵਿਸ਼ਵਾਸ ਨਾਲ ਭਰੀ ਹੋਈ ਹੈ ਅਤੇ ਹਾਲ ਹੀ ‘ਚ ਉਨ੍ਹਾਂ ਜਿਸ ਤਰ੍ਹਾਂ ਪ੍ਰਦਰਸ਼ਨ ਕੀਤਾ ਹੈ, ਉਸ ਤੋਂ ਪ੍ਰਸ਼ੰਸਕ ਕਾਫ਼ੀ ਖੁਸ਼ ਹਨ। ਮੈਨੂੰ ਪੂਰਾ ਭਰੋਸਾ ਹੈ ਕਿ ਉਹ ਵਿਸ਼ਵ ਕੱਪ ‘ਚ ਚੰਗਾ ਪ੍ਰਦਰਸ਼ਨ ਕਰਨਗੇ।’ ਉਨ੍ਹਾਂ ਕਿਹਾ, ‘ਮੈਂ ਚਾਹੁੰਦਾ ਹਾਂ ਕਿ ਉਹ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਨ ਅਤੇ ਪੂਰੇ ਭਰੋਸੇ ਨਾਲ ਖੇਡਣ। ਸਾਡੀ ਟੀਮ ‘ਚ ਕਈ ਚੰਗੇ ਖਿਡਾਰੀ ਹਨ।’ ਸਾਲ 2004 ‘ਚ ਪਦਮਸ਼੍ਰੀ ਹਾਸਲ ਕਰਨ ਵਾਲੇ ਟਿਰਕੀ ਨੇ ਕਿਹਾ, ‘ਮੈਂ ਆਪਣਾ ਪਹਿਲਾ ਵਰਲਡ ਕੱਪ 1998 ‘ਚ ਖੇਡਿਆ ਸੀ। ਇਹ ਮੇਰੇ ਲਈ ਬੇਹੱਦ ਸਨਮਾਨ ਦੀ ਗੱਲ ਹੈ ਕਿ ਮੈਂ ਵਰਲਡ ਕੱਪ ਟੀਮ ਦਾ ਹਿੱਸਾ ਸੀ। ਭਾਰਤੀ ਟੀਮ ਦੀ ਕਪਤਾਨੀ ਕਰਨਾ ਵੀ ਸ਼ਾਨਦਾਰ ਤਜ਼ਰਬਾ ਰਿਹਾ।’