ਹਾਕੀ ਵਰਲਡ ਕੱਪ ਦੇ ਵਰਗੀਕਰਨ ਮੁਕਾਬਲੇ ‘ਚ ਇੰਡੀਆ ਦੀ ਟੀਮ ਸਾਊਥ ਅਫਰੀਕਾ ਨੂੰ 5-2 ਗੋਲਾਂ ਦੇ ਫਰਕ ਨਾਲ ਹਰਾ ਕੇ ਸਾਂਝੇ ਤੌਰ ‘ਤੇ 9ਵਾਂ ਸਥਾਨ ‘ਤੇ ਰਹੀ ਹੈ। ਵਰਲਡ ਕੱਪ ਦਾ ਫਾਈਨਲ ਮੁਕਾਬਲਾ ਜਰਮਨੀ ਅਤੇ ਬੈਲਜੀਅਮ ਵਿਚਕਾਰ ਖੇਡਿਆ ਜਾਣਾ ਹੈ। ਇੰਡੀਆ ਨੂੰ ਛੇ ਪੈਨਲਟੀ ਕਾਰਨਰ ਮਿਲੇ ਅਤੇ ਉਸ ਨੇ ਇਕ ਨੂੰ ਗੋਲ ‘ਚ ਤਬਦੀਲ ਕੀਤਾ। ਇੰਡੀਆ ਵੱਲੋਂ ਕਪਤਾਨ ਹਰਮਨਪ੍ਰੀਤ ਸਿੰਘ, ਅਭਿਸ਼ੇਕ, ਸ਼ਮਸ਼ੇਰ ਸਿੰਘ, ਅਕਾਸ਼ਦੀਪ ਸਿੰਘ ਅਤੇ ਸੁਖਜੀਤ ਨੇ ਗੋਲ ਕੀਤੇ। ਇਸ ਤੋਂ ਪਹਿਲਾਂ ਅਰਜਨਟੀਨਾ ਨੇ ਵੇਲਜ਼ ਨੂੰ 6-0 ਗੋਲਾਂ ਨਾਲ ਹਰਾ ਕੇ ਇੰਡੀਆ ਨਾਲ ਸਾਂਝੇ ਤੌਰ ‘ਤੇ ਨੌਵਾਂ ਸਥਾਨ ਹਾਸਲ ਕੀਤਾ। ਮਲੇਸ਼ੀਆ ਨੇ ਜਾਪਾਨ ਨੂੰ 3-2 ਨਾਲ ਹਰਾਇਆ ਤੇ ਉਹ ਫਰਾਂਸ ਨਾਲ 13ਵੇਂ ਸਥਾਨ ‘ਤੇ ਰਿਹਾ। ਇਸੇ ਤਰ੍ਹਾਂ ਵੇਲਜ਼ ਅਤੇ ਦੱਖਣੀ ਅਫ਼ਰੀਕਾ ਸਾਂਝੇ ਤੌਰ ‘ਤੇ 11ਵੇਂ ਸਥਾਨ ‘ਤੇ ਰਹੇ। ਇਸ ਮੈਚ ‘ਚ ਭਾਰਤੀ ਹਾਕੀ ਟੀਮ ਨੇ ਜਿੱਤ ਨਾਲ ਹਾਕੀ ਵਰਲਡ ਕੱਪ ‘ਚ ਆਪਣੀ ਮੁਹਿੰਮ ਦਾ ਅੰਤ ਕੀਤਾ। ਇੰਡੀਆ ਵੱਲੋਂ ਅਭਿਸ਼ੇਕ (5ਵੇਂ ਮਿੰਟ), ਕਪਤਾਨ ਹਰਮਨਪ੍ਰੀਤ ਸਿੰਘ (11ਵੇਂ ਮਿੰਟ), ਸ਼ਮਸ਼ੇਰ ਸਿੰਘ (44ਵੇਂ ਮਿੰਟ), ਅਕਾਸ਼ਦੀਪ ਸਿੰਘ (48ਵੇਂ ਮਿੰਟ) ਅਤੇ ਸੁਖਜੀਤ ਸਿੰਘ (58ਵੇਂ ਮਿੰਟ) ਨੇ ਗੋਲ ਦਾਗੇ। ਇੰਡੀਆ ਸਿੱਧਾ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਉਣ ‘ਚ ਨਾਕਾਮ ਰਿਹਾ ਸੀ ਜਿਸ ਕਾਰਨ ਉਸ ਨੂੰ ਕੁਆਰਟਰ ਫਾਈਨਲ ‘ਚ ਪਹੁੰਚਣ ਲਈ ‘ਕਰਾਸਓਵਰ’ ਮੈਚ ਜਿੱਤਣਾ ਜ਼ਰੂਰੀ ਸੀ ਪਰ ਟੀਮ ਨੂੰ ਨਿਊਜ਼ੀਲੈਂਡ ਹੱਥੋਂ ਹਾਰ ਝੱਲਣੀ ਪਈ ਸੀ। ਇੰਡੀਆ ਨੇ 26 ਜਨਵਰੀ ਨੂੰ ਹੋਏ ਪਹਿਲੇ ‘ਕਲਾਸੀਫਿਕੇਸ਼ਨ’ ਮੁਕਾਬਲੇ ‘ਚ ਏਸ਼ੀਅਨ ਖੇਡਾਂ ਦੇ ਚੈਂਪੀਅਨ ਜਪਾਨ ਨੂੰ 8-0 ਨਾਲ ਮਾਤ ਦਿੱਤੀ ਸੀ ਜਦੋਂਕਿ ਸਾਊਥ ਅਫਰੀਕਾ ਖ਼ਿਲਾਫ਼ ਵੀ ਵੱਡੀ ਜਿੱਤ ਦਰਜ ਕਰਦਿਆਂ ਟੂਰਨਾਮੈਂਟ ‘ਚ 9ਵਾਂ ਸਥਾਨ ਹਾਸਲ ਕੀਤਾ।