ਜੇਰੇਮੀ ਹੈਵਾਰਡ ਦੇ ਸ਼ਾਨਦਾਰ ਦੋ ਗੋਲਾਂ ਦੀ ਬਦੌਲਤ ਤਿੰਨ ਵਾਰ ਦੀ ਵਰਲਡ ਚੈਂਪੀਅਨ ਆਸਟਰੇਲੀਆ ਦੀ ਟੀਮ ਨੇ ਸਪੇਨ ਨੂੰ 4-3 ਨਾਲ ਹਰਾ ਕੇ ਹਾਕੀ ਵਰਲਡ ਕੱਪ ਦੇ ਸੈਮੀਫਾਈਨਲ ‘ਚ ਥਾਂ ਪੱਕੀ ਕੀਤੀ। ਕਲਿੰਗਾ ਸਟੇਡੀਅਮ ‘ਚ ਖੇਡੇ ਗਏ ਮੈਚ ਵਿਚ ਸਪੈਨਿਸ਼ ਟੀਮ ਇਕ ਸਮੇਂ 2-0 ਨਾਲ ਬੜ੍ਹਤ ਬਣਾ ਕੇ ਚੰਗੀ ਸਥਿਤੀ ‘ਚ ਸੀ ਪਰ ਆਸਟਰੇਲੀਆ ਨੇ ਜ਼ਬਰਦਸਤ ਵਾਪਸੀ ਕਰਦੇ ਹੋਏ ਮੈਚ ਦਾ ਰੁਖ਼ ਆਪਣੇ ਵੱਲ ਮੋੜ ਦਿੱਤਾ। ਪਹਿਲਾ ਕੁਆਰਟਰ ਗੋਲ ਰਹਿਤ ਰਹਿਣ ਤੋਂ ਬਾਅਦ ਦੂਜੇ ਕੁਆਰਟਰ ‘ਚ ਸਪੇਨ ਹਾਵੀ ਰਿਹਾ। 19ਵੇਂ ਮਿੰਟ ‘ਚ ਜਿਸਪਰਟ ਨੇ ਸ਼ਾਨਦਾਰ ਫੀਲਡ ਗੋਲ ਨਾਲ ਸਪੇਨ ਲਈ ਪਹਿਲਾ ਗੋਲ ਕੀਤਾ। 23ਵੇਂ ਮਿੰਟ ‘ਚ ਮਾਰਕ ਰੇਸੇਂਸ ਨੇ ਗੋਲ ਕਰ ਕੇ ਸਪੇਨ ਨੂੰ 2-0 ਨਾਲ ਬੜ੍ਹਤ ਦਿਵਾ ਦਿੱਤੀ। ਸਪੈਨਿਸ਼ ਟੀਮ ਪੂਰੇ ਰੌਂਅ ‘ਚ ਨਜ਼ਰ ਆ ਰਹੀ ਸੀ। ਦੂਜੇ ਕੁਆਰਟਰ ਦੇ ਪੰਜ ਸਕਿੰਟ ਬਚੇ ਸਨ ਤੇ 29ਵੇਂ ਮਿੰਟ ‘ਚ ਫਲਿਨ ਓਗਲੀਵੇ ਨੇ ਗੋਲ ਕਰ ਕੇ ਆਸਟਰੇਲੀਆ ਨੂੰ 2-1 ‘ਤੇ ਲਿਆ ਖੜ੍ਹਾ ਕੀਤਾ। ਤੀਜੇ ਕੁਆਰਟਰ ‘ਚ ਬਰਾਬਰੀ ਨੂੰ ਬੇਤਾਬ ਕੰਗਾਰੂਆਂ ਨੇ ਹਮਲੇ ਤੇਜ਼ ਕੀਤੇ। ਉਨ੍ਹਾਂ ਨੇ ਸੱਤ ਮਿੰਟ ‘ਚ ਚਾਰ ਗੋਲ ਕਰ ਕੇ ਮੈਚ ਦਾ ਰੁਖ਼ ਹੀ ਬਦਲ ਦਿੱਤਾ। ਕਪਤਾਨ ਅਰਾਨ ਜੇਲੇਵਸਕੀ ਨੇ 31ਵੇਂ ਮਿੰਟ ‘ਚ ਗੋਲ ਕਰ ਕੇ ਮੁਕਾਬਲੇ ਨੂੰ ਬਰਾਬਰੀ ‘ਤੇ ਲਿਆ ਖੜ੍ਹਾ ਕੀਤਾ। ਡੀ ਬਾਕਸ ‘ਚ ਸਪੈਨਿਸ਼ ਖਿਡਾਰੀ ਵਿਜਕੈਨੋ ਵੱਲੋਂ ਅੜਿੱਕਾ ਪਹੁੰਚਾਉਣ ਤੋਂ ਬਾਅਦ ਆਸਟਰੇਲੀਆ ਨੇ ਰੈਫਰਲ ਮੰਗਿਆ। ਰੈਫਰਲ ਤੋਂ ਬਾਅਦ ਉਨ੍ਹਾਂ ਨੂੰ ਪੈਨਲਟੀ ਕਾਰਨਰ ਦਾ ਮੌਕਾ ਮਿਲ ਗਿਆ। ਹੈਵਾਰਡ ਨੇ ਬਿਨਾਂ ਕਿਸੇ ਗਲਤੀ ਦੇ ਗੇਂਦ ਨੂੰ ਨੈੱਟ ‘ਚ ਪਾ ਦਿੱਤਾ। ਹੁਣ ਆਸਟਰੇਲਿਅਨ ਟੀਮ 3-2 ਨਾਲ ਅੱਗੇ ਸੀ। 36ਵੇਂ ਮਿੰਟ ‘ਚ ਇਕ ਹੋਰ ਪੈਨਲਟੀ ਕਾਰਨਰ ਮਿਲਿਆ। ਇਸ ਵਾਰ ਵੀ ਜੇਰੇਮੀ ਹੈਵਾਰਡ ਨੇ ਬਿਨਾਂ ਕਿਸੇ ਗਲਤੀ ਇਸ ਨੂੰ ਗੋਲ ‘ਚ ਬਦਲ ਕੇ ਮੁਕਾਬਲੇ ਨੂੰ 4-2 ‘ਤੇ ਲਿਆ ਖੜ੍ਹਾ ਕੀਤਾ। ਇਸ ਵਿਚਾਲੇ ਸਪੇਨ ਨੂੰ ਲਗਾਤਾਰ ਚਾਰ ਪੈਨਲਟੀ ਕਾਰਨਰ ਮਿਲੇ। ਆਖ਼ਰੀ ਪੈਨਲਟੀ ਕਾਰਨਰ ‘ਚ ਕਪਤਾਨ ਮਾਰਕ ਮਿਰੇਲਜ਼ਨੇ ਗੋਲ ਕਰ ਕੇ ਵਿਰੋਧੀ ਬੜ੍ਹਤ ਦੇ ਫਰਕ ਨੂੰ 4-3 ‘ਤੇ ਲਿਆ ਖੜ੍ਹਾ ਕੀਤਾ।