ਭੁਵਨੇਸ਼ਵਰ ‘ਚ ਖੇਡ ਪ੍ਰੇਮੀ 13 ਤੋਂ 29 ਜਨਵਰੀ ਤੱਕ ਓਡੀਸ਼ਾ ‘ਚ ਹੋਣ ਵਾਲੇ ਐੱਫ.ਆਈ.ਐੱਚ. ਪੁਰਸ਼ ਹਾਕੀ ਵਰਲਡ ਕੱਪ ਤੋਂ ਪਹਿਲਾਂ ਸ਼ਨੀਵਾਰ ਨੂੰ ਚਮਕਦੀ ਟਰਾਫੀ ਨੂੰ ਵੇਖਣਗੇ। ਦੇਸ਼ ਦੇ ਵੱਖ-ਵੱਖ ਸ਼ਹਿਰਾਂ ਦੀ ਯਾਤਰਾ ਕਰਨ ਤੋਂ ਬਾਅਦ ਵਰਲਡ ਕੱਪ ਟਰਾਫੀ 25 ਦਸੰਬਰ ਨੂੰ ਭੁਵਨੇਸ਼ਵਰ ਪਹੁੰਚੇਗੀ ਜਿਸ ਦਾ ਖੇਡ ਪ੍ਰੇਮੀਆਂ ਦੇ ਦੀਦਾਰ ਲਈ ਪੂਰੇ ਸ਼ਹਿਰ ਦਾ ਚੱਕਰ ਲਗਾਇਆ ਜਾਵੇਗਾ। ਟਰਾਫੀ ਨੂੰ ਐੱਸ.ਓ.ਏ. ਡੀਮਡ ਯੂਨੀਵਰਸਿਟੀ ਦੇ ਨਵੇਂ ਸਟੇਡੀਅਮ ‘ਚ ਰੱਖਿਆ ਜਾਵੇਗਾ ਜਿੱਥੇ ਵਿਦਿਆਰਥੀ ਅਤੇ ਹੋਰ ਖੇਡ ਪ੍ਰੇਮੀ ਇਸ ਨੂੰ ਦੇਖ ਸਕਦੇ ਹਨ। ਟਰਾਫੀ ਨੂੰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ (ਡਾ.) ਅਸ਼ੋਕ ਕੁਮਾਰ ਮਹਾਪਾਤਰਾ ਲੈਣਗੇ। ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ। ਮਹੱਤਵਪੂਰਨ ਗੱਲ ਇਹ ਹੈ ਕਿ ਇਹ ਲਗਾਤਾਰ ਦੂਜੀ ਵਾਰ ਹੈ ਜਦੋਂ ਓਡੀਸ਼ਾ ਵਰਲਡ ਹਾਕੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਤੋਂ ਪਹਿਲਾਂ 2018 ‘ਚ ਵਰਲਡ ਕੱਪ ਦੇ ਸਾਰੇ ਮੈਚ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ‘ਚ ਖੇਡੇ ਗਏ ਸਨ। ਇਹ ਵਰਲਡ ਕੱਪ ਦਾ 15ਵਾਂ ਐਡੀਸ਼ਨ ਹੈ ਅਤੇ ਇਸ ਵਾਰ ਮੈਚ ਦੋ ਥਾਵਾਂ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਅਤੇ ਨਵੇਂ ਬਿਰਸਾ ਮੁੰਡਾ ਇੰਟਰਨੈਸ਼ਨਲ ਰੁੜਕੇਲਾ ਸਟੇਡੀਅਮ ‘ਚ ਖੇਡੇ ਜਾਣਗੇ।