ਓਡੀਸ਼ਾ ‘ਚ ਹੋਏ ਹਾਕੀ ਵਰਲਡ ਕੱਪ ‘ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਤੇ ਸਹਿਯੋਗੀ ਸਟਾਫ ਦੇ ਦੋ ਹੋਰਨਾਂ ਮੈਂਬਰਾਂ ਨੇ ਅਸਤੀਫਾ ਦੇ ਦਿੱਤਾ ਹੈ ਜਿਸ ਨੂੰ ਹਾਕੀ ਇੰਡੀਆ ਨੇ ਸਵੀਕਾਰ ਕਰ ਲਿਆ ਹੈ। ਰੀਡ ਨੂੰ ਅਪ੍ਰੈਲ 2019 ‘ਚ ਭਾਰਤੀ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਸੀ। ਉਸਦੇ ਕੋਚ ਰਹਿੰਦੇ ਟੋਕੀਓ ਓਲੰਪਿਕ ‘ਚ ਇਤਿਹਾਸਕ ਕਾਂਸੀ ਤਗ਼ਮਾ ਜਿੱਤਣ ਵਾਲੀ ਭਾਰਤੀ ਟੀਮ ਓਡੀਸ਼ਾ ‘ਚ ਹੋਏ ਵਰਲਡ ਕੱਪ ‘ਚ ਕੁਆਰਟਰ ਫਾਈਨਲ ‘ਚ ਜਗ੍ਹਾ ਨਹੀਂ ਬਣਾ ਸਕੀ ਤੇ 9ਵੇਂ ਸਥਾਨ ‘ਤੇ ਰਹੀ। ਆਸਟਰੇਲੀਆ ਦੇ 58 ਸਾਲ ਦੇ ਰੀਡ ਤੋਂ ਇਲਾਵਾ ਵਿਸ਼ਲੇਸ਼ਣ ਕੋਚ ਗ੍ਰੇਗ ਕਲਾਰਕ ਤੇ ਵਿਗਿਆਨਕ ਸਲਾਹਕਾਰ ਮਿਸ਼ੇਲ ਡੇਵਿਡ ਪੇਮਬਰਟਨ ਨੇ ਵੀ ਅਸਤੀਫਾ ਦੇ ਦਿੱਤਾ ਹੈ। ਹਾਕੀ ਇੰਡੀਆ ਵੱਲੋਂ ਜਾਰੀ ਬਿਆਨ ਅਨੁਸਾਰ ਰੀਡ ਨੇ ਹਾਕੀ ਇੰਡੀਆ ਦੇ ਮੁਖੀ ਦਿਲੀਪ ਟਿਰਕੀ ਨੂੰ ਵਰਲਡ ਕੱਪ ਖ਼ਤਮ ਹੋਣ ਤੋਂ ਇਕ ਦਿਨ ਬਾਅਦ ਅਸਤੀਫਾ ਸੌਂਪਿਆ। ਟਿਰਕੀ ਤੇ ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾਨਾਥ ਸਿੰਘ ਨੇ ਟੀਮ ਦੇ ਪ੍ਰਦਰਸ਼ਨ ‘ਤੇ ਚਰਚਾ ਲਈ ਰੀਡ ਤੇ ਹੋਰਨਾਂ ਸਹਿਯੋਗੀ ਸਟਾਫ ਮੈਂਬਰਾਂ ਨਾਲ ਮੁਲਾਕਾਤ ਕੀਤੀ ਸੀ। ਰੀਡ, ਗ੍ਰੇਗ ਕਲਾਰਕ ਤੇ ਮਿਸ਼ੇਲ ਡੇਵਿਡ ਤਿੰਨੇ ਅਗਲੇ ਮਹੀਨੇ ਨੋਟਿਸ ਪੀਰੀਅਰਡ ‘ਚ ਰਹਿਣਗੇ। ਰੀਡ ਨੇ ਕਿਹਾ, ‘ਹੁਣ ਮੇਰੇ ਲਈ ਵੱਖਰਾ ਹੋਣ ਤੇ ਨਵੀਂ ਮੈਨੇਜਮੈਂਟ ਨੂੰ ਕਮਾਨ ਸੌਂਪਣ ਦਾ ਸਮਾਂ ਹੈ। ਇਸ ਟੀਮ ਤੇ ਹਾਕੀ ਇੰਡੀਆ ਦੇ ਨਾਲ ਕੰਮ ਕਰਨ ‘ਚ ਬਹੁਤ ਮਜ਼ਾ ਆਇਆ। ਇਸ ਸ਼ਾਨਦਾਰ ਸਫਰ ਦੇ ਹਰ ਪਲ ਦਾ ਮੈਂ ਆਨੰਦ ਮਾਣਿਆ। ਟੀਮ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ।’ ਭਾਰਤੀ ਟੀਮ ਦੇ ਨਾਲ ਰੀਡ ਦਾ ਕਾਰਜਕਾਲ ਪੈਰਿਸ ਓਲੰਪਿਕ (2024) ਤੱਕ ਦਾ ਸੀ। ਰੀਡ ਤੇ ਉਸਦੀ ਟੀਮ ਦੇ ਨਾਲ ਇੰਡੀਆ ਨੇ 41 ਸਾਲ ਬਾਅਦ ਓਲੰਪਿਕ ਕਾਂਸੀ ਤਗ਼ਮਾ ਜਿੱਤਿੱਆ ਸੀ।