ਓਡੀਸ਼ਾ ‘ਚ ਚੱਲ ਰਹੇ ਪੁਰਸ਼ ਹਾਕੀ ਵਰਲਡ ਕੱਪ ‘ਚ ਕਈ ਟੀਮਾਂ ‘ਚ ਦੋ ਸਕੇ ਭਰਾਵਾਂ ਦੀ ਜੋੜੀਆਂ ਇਕੱਠੀਆਂ ਖੇਡ ਰਹੀਆਂ ਹਨ ਜਿਸ ਨਾਲ ਖ਼ਰਾਬ ਸਮੇਂ ‘ਚ ਉਨ੍ਹਾਂ ਨੂੰ ਇਕ-ਦੂਜੇ ਦਾ ਭਾਵਨਾਤਮਕ ਸਹਿਯੋਗ ਵੀ ਮਿਲ ਜਾਂਦਾ ਹੈ। ਸਪੇਨ ਨੂੰ ਪਿਛਲੇ ਹਫ਼ਤੇ ਇੰਡੀਆ ਨੇ ਜਦੋਂ ਪਹਿਲੇ ਮੈਚ ‘ਚ 2-0 ਨਾਲ ਹਰਾਇਆ ਸੀ ਤਾਂ ਉਸ ਟੀਮ ਵਿਚ ਪਾਓ ਕੁਨਿਲ ਤੇ ਪੇਪੇ ਕੁਨਿਲ ਦੋਵੇਂ ਭਰਾ ਇਕੱਠੇ ਖੇਡ ਰਹੇ ਸਨ। ਵੇਲਸ ਟੀਮ ‘ਚ ਵੀ ਜੈਰੇਥ ਫਲੋਰੰਗ ਤੇ ਰੋਡ੍ਰੀ ਫਲੋਰੰਗ ਇਕੱਠੇ ਖੇਡਦੇ ਹਨ, ਜਿਨ੍ਹਾਂ ਦੀ ਟੀਮ ਲਗਾਤਾਰ ਦੂਜੀ ਹਾਰ ਦੇ ਨਾਲ ਟੂਰਨਾਮੈਂਟ ‘ਚੋਂ ਲਗਭਗ ਬਾਹਰ ਹੀ ਹੋ ਗਈ ਹੈ। ਭੁਵਨੇਸ਼ਵਰ ‘ਚ ਜਰਮਨ ਟੀਮ ‘ਚ ਮੈਟਸ ਤੇ ਟਾਮ ਗ੍ਰਾਮਬੁਸ਼ ਦੋਵੇਂ ਭਰਾ ਹਨ ਜਿਨ੍ਹਾਂ ਦੀ ਟੀਮ ਨੇ ਪਹਿਲੇ ਮੈਚ ‘ਚ ਜਾਪਾਨ ਨੂੰ 3-0 ਨਾਲ ਹਰਾਇਆ। ਪਾਓ ਨੇ ਕਿਹਾ, ‘ਪਰਿਵਾਰ ਦਾ ਕੋਈ ਮੈਂਬਰ ਜੇਕਰ ਅਜਿਹੇ ਵੱਡੇ ਟੂਰਨਾਮੈਂਟ ‘ਚ ਨਾਲ ਖੇਡ ਰਿਹਾ ਹੈ ਤਾਂ ਭਾਵਨਾਤਮਕ ਰੂਪ ਨਾਲ ਕਾਫ਼ੀ ਮਦਦ ਮਿਲਦੀ ਹੈ। ਤੁਹਾਨੂੰ ਖ਼ਰਾਬ ਸਮੇਂ ‘ਚ ਸਾਥ ਦੇਣ ਤੋਂ ਇਲਾਵਾ ਉਹ ਆਤਮਵਿਸ਼ਵਾਸ ਵੀ ਵਧਾਉਂਦਾ ਹੈ।’ ਪਾਓ ਤੇ ਪੇਪੇ ਦੋਵੇਂ ਸਪੇਨ ‘ਚ ਇਕ ਹੀ ਕਲੱਬ ਐਟਲੇਟਿਕੋ ਟੋਰਾਸਾ ਲਈ ਵੀ ਇਕੱਠੇ ਖੇਡਦੇ ਹਨ। ਉਨ੍ਹਾਂ ਦਾ ਇਕ ਕਜ਼ਿਨ ਗੇਰਾਰਡ ਕਲੇਪਸ ਵੀ ਸਪੈਨਿਸ਼ ਟੀਮ ‘ਚ ਹੈ। ਪਾਓ ਨੇ ਕਿਹਾ, ‘ਮੇਰੇ ਪਿਤਾ ਤੇ ਮਾਂ ਦੋਵਾਂ ਨੇ ਹਾਕੀ ਖੇਡੀ। ਮੇਰੇ ਦਾਦਾ ਨੇ ਵੀ ਹਾਕੀ ਖੇਡੀ। ਤੁਸੀਂ ਕਹਿ ਸਕਦੇ ਹੋ ਕਿ ਅਸੀਂ ਹਾਕੀ ਪਰਿਵਾਰ ਤੋਂ ਹਾਂ।’ ਉਸ ਨੇ ਕਿਹਾ ਕਿ ਇੰਡੀਆ ‘ਚ ਹਾਕੀ ਖੇਡਣ ਦਾ ਤਜ਼ਰਬਾ ਹੀ ਵੱਖਰਾ ਹੈ। ਇਥੋਂ ਦਾ ਬੁਨਿਆਦੀ ਢਾਂਚਾ ਤੇ ਲੋਕਾਂ ਦਾ ਖੇਡ ਲਈ ਪਿਆਰ, ਇਹ ਹੀ ਵਜ੍ਹਾ ਹੈ ਕਿ ਇੰਡੀਆ ਹਾਕੀ ‘ਚ ਇੰਨਾ ਚੰਗਾ ਕਰ ਰਿਹਾ ਹੈ।