ਇੰਡੀਆ ਨੇ ਆਪਣੇ ਆਖਰੀ ਲੀਗ ਮੈਚ ‘ਚ ਵੇਲਜ਼ ਨੂੰ 4-2 ਨਾਲ ਹਰਾ ਦਿੱਤਾ ਹੈ। ਟੀਮ ਇੰਡੀਆ ਇਸ ਜਿੱਤ ਨਾਲ ਦੂਜੇ ਸਥਾਨ ‘ਤੇ ਰਹੀ। ਉਸ ਦੇ ਕੋਲ ਚੋਟੀ ਦੀ ਰੈਂਕਿੰਗ ਵਾਲੀ ਇੰਗਲੈਂਡ ਦੇ ਬਰਾਬਰ ਸੱਤ ਅੰਕ ਹਨ ਪਰ ਟੀਮ ਇੰਡੀਆ ਗੋਲ ਅੰਤਰ ‘ਤੇ ਪਿੱਛੇ ਹੈ। ਇੰਗਲੈਂਡ ਨੇ ਇੰਡੀਆ ਨਾਲੋਂ ਵੱਧ ਗੋਲ ਕੀਤੇ। ਟੀਮ ਇੰਡੀਆ ਸਿੱਧੇ ਤੌਰ ‘ਤੇ ਕੁਆਰਟਰ ਫਾਈਨਲ ਤੱਕ ਨਹੀਂ ਪਹੁੰਚ ਸਕੀ। ਇੰਡੀਆ 22 ਜਨਵਰੀ ਨੂੰ ਸ਼ਾਮ 7:00 ਵਜੇ ਆਖਰੀ-8 ‘ਚ ਜਗ੍ਹਾ ਬਣਾਉਣ ਲਈ ਨਿਊਜ਼ੀਲੈਂਡ ਨਾਲ ਕਰਾਸਓਵਰ ‘ਚ ਖੇਡੇਗਾ। ਭਾਰਤੀ ਟੀਮ ਲਈ ਮੈਚ ਦਾ ਪਹਿਲਾ ਗੋਲ ਸ਼ਮਸ਼ੇਰ ਸਿੰਘ ਨੇ 21ਵੇਂ ਮਿੰਟ ‘ਚ ਕੀਤਾ। ਉਸ ਨੇ ਪੈਨਲਟੀ ਕਾਰਨਰ ‘ਤੇ ਗੋਲ ਕੀਤਾ। ਸ਼ਮਸ਼ੇਰ ਸਿੰਘ ਤੋਂ ਬਾਅਦ ਆਕਾਸ਼ਦੀਪ ਸਿੰਘ ਨੇ ਲਗਾਤਾਰ ਦੋ ਗੋਲ ਕੀਤੇ। ਆਕਾਸ਼ਦੀਪ ਸਿੰਘ ਨੇ ਦੋਵੇਂ ਮੈਦਾਨੀ ਗੋਲ ਕੀਤੇ। ਉਸ ਨੇ 32ਵੇਂ ਅਤੇ 45ਵੇਂ ਮਿੰਟ ‘ਚ ਗੇਂਦ ਨੂੰ ਗੋਲ ਪੋਸਟ ‘ਚ ਪਾ ਦਿੱਤਾ। ਮੈਚ ਦੇ ਚੌਥੇ ਕੁਆਰਟਰ ‘ਚ ਕਪਤਾਨ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਤੋਂ ਗੋਲ ਕੀਤਾ। ਇਸ ਵਰਲਡ ਕੱਪ ‘ਚ ਉਸਦਾ ਪਹਿਲਾ ਗੋਲ ਹੈ। ਅਕਾਸ਼ਦੀਪ ਨੂੰ ਮੈਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ।