ਇੰਡੀਆ ‘ਚ ਹੋਏ ਹਾਕੀ ਵਰਲਡ ਕੱਪ ‘ਚ ਜਰਮਨੀ ਨੇ ਬੈਲਜੀਅਮ ਦਾ ਦਬਦਬਾ ਖ਼ਤਮ ਕਰਦਿਆਂ ਤੀਜੀ ਵਾਰ ਵਰਲਡ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਬੈਲਜੀਅਮ ਦੇ ਪਿਛਲੇ ਪੰਜ ਸਾਲ ਦੇ ਦਬਦਬੇ ਨੂੰ ਖ਼ਤਮ ਕਰਦਿਆਂ ਜਰਮਨੀ ਨੇ ਦੋ ਗੋਲਾਂ ਨਾਲ ਪਿੱਛੜਨ ਤੋਂ ਬਾਅਦ ਇਕ ਵਾਰ ਫਿਰ ਸ਼ਾਨਦਾਰ ਵਾਪਸੀ ਕਰਦੇ ਹੋਏ ਪਿਛਲੇ ਚੈਂਪੀਅਨ ਨੂੰ ਪੈਨਲਟੀ ਸ਼ੂਟਆਊਟ ‘ਚ ਹਰਾ ਕੇ ਤੀਜੀ ਵਾਰ ਐੱਫ.ਆਈ.ਐੱਚ. ਪੁਰਸ਼ ਹਾਕੀ ਵਰਲਡ ਕੱਪ ਦਾ ਖ਼ਿਤਾਬ ਜਿੱਤ ਲਿਆ। ਰੋਮਾਂਚਕ ਫਾਈਨਲ ‘ਚ ਨਿਯਮਿਤ ਸਮੇਂ ਤੋਂ ਬਾਅਦ ਦੋਵੇਂ ਟੀਮਾਂ 3-3 ਨਾਲ ਬਰਾਬਰੀ ‘ਤੇ ਸਨ ਪਰ ਇਸ ਤੋਂ ਬਾਅਦ ਜਰਮਨੀ ਦੀ ਟੀਮ ਨੇ ਖਚਾਖਚ ਭਰੇ ਕਲਿੰਗ ਸਟੇਡੀਅਮ ‘ਚ ਸਡਨ ਡੈੱਥ ‘ਚ 5-4 ਨਾਲ ਜਿੱਤ ਦਰਜ ਕੀਤੀ। ਜਰਮਨੀ ਲਈ ਨਿਯਮਿਤ ਸਮੇਂ ‘ਚ ਨਿਕਲਾਸ ਵੇਲੇਨ (29ਵੇਂ), ਗੋਂਜ਼ਾਲੋ ਪੇਇਲਾਟ (41ਵੇਂ) ਅਤੇ ਕਪਤਾਨ ਮੈਟਸ ਗ੍ਰੇਮਬੁਸ਼ (48ਵੇਂ ਮਿੰਟ) ਨੇ ਨਿਯਮਿਤ ਸਮੇਂ ‘ਚ ਗੋਲ ਕੀਤੇ। ਪਿਛਲੇ ਚੈਂਪੀਅਨ ਬੈਲਜੀਅਮ ਵੱਲੋਂ ਫਲੋਰੈਂਟ ਵੇਨ ਓਬੇਲ ਫਲੋਰੈਂਟ (10ਵੇਂ ਮਿੰਟ), ਟੇਂਗਾਸ ਕੋਸਿਨਸ (11ਵੇਂ ਮਿੰਟ) ਅਤੇ ਟਾਮ ਬੂਨ (59ਵੇਂ ਮਿੰਟ) ਨੇ ਗੋਲ ਕੀਤੇ। ਮੌਜੂਦਾ ਟੂਰਨਾਮੈਂਟ ‘ਚ ਇਹ ਤੀਜੀ ਵਾਰ ਹੈ ਜਦੋਂ ਜਰਮਨੀ 0-2 ਨਾਲ ਪਿੱਛੜਨ ਤੋਂ ਬਾਅਦ ਜਿੱਤ ਦਰਜ ਕੀਤੀ, ਜੋ ਟੀਮ ਦੀ ਮਾਨਸਿਕ ਮਜ਼ਬੂਤੀ ਅਤੇ ਕਦੇ ਹਾਰ ਨਹੀਂ ਮੰਨਣ ਦੇ ਰਵੱਈਏ ਦਾ ਪ੍ਰਤੀਬਿੰਬ ਹੈ। ਜਰਮਨੀ ਨੇ ਇਸ ਤੋਂ ਪਹਿਲਾਂ ਇੰਗਲੈਂਡ ਖ਼ਿਲਾਫ਼ ਕੁਆਰਟਰ ਫਾਈਨਲ ਅਤੇ ਆਸਟਰੇਲੀਆ ਖ਼ਿਲਾਫ਼ ਸੈਮੀਫਾਈਨਲ ‘ਚ ਵੀ ਦੋ ਗੋਲਾਂ ਨਾਲ ਪਿੱਛੜਨ ਤੋਂ ਬਾਅਦ ਜਿੱਤ ਦਰਜ ਕੀਤੀ ਸੀ। ਜਰਮਨੀ ਨੇ ਇਸ ਦੇ ਨਾਲ ਹੀ ਆਸਟਰੇਲੀਆ ਅਤੇ ਨੀਦਰਲੈਂਡ ਦੀ ਬਰਾਬਰੀ ਕਰਦੇ ਹੋਏ ਆਪਣੇ ਵਿਸ਼ਵ ਖਿਤਾਬ ਦੀ ਗਿਣਤੀ ਤਿੰਨ ਕਰ ਲਈ ਹੈ। ਜਰਮਨੀ ਨੇ ਇਸ ਤੋਂ ਪਹਿਲਾਂ 2002 ਅਤੇ 2006 ‘ਚ ਵੀ ਖਿਤਾਬ ਜਿੱਤੇ ਸਨ। ਪੁਰਸ਼ ਹਾਕੀ ਵਿਸ਼ਵ ਕੱਪ ‘ਚ ਸਭ ਤੋਂ ਜ਼ਿਆਦਾ ਖਿਤਾਬ ਜਿੱਤਣ ਦਾ ਰਿਕਾਰਡ ਪਾਕਿਸਤਾਨ ਦੇ ਨਾਂ ਦਰਜ ਹੈ, ਜਿਸ ਨੇ ਇਹ ਖਿਤਾਬ ਚਾਰ ਵਾਰ ਜਿੱਤਿਆ ਹੈ। ਬੈਲਜੀਅਮ ਨੇ ਮੈਚ ‘ਚ ਸ਼ਾਨਦਾਰ ਸ਼ੁਰੂਆਤ ਕੀਤੀ। ਵੇਨ ਓਬੇਲ ਨੇ 10ਵੇਂ ਮਿੰਟ ‘ਚ ਮੈਦਾਨੀ ਗੋਲ ਕਰਕੇ ਬੈਲਜੀਅਮ ਨੂੰ ਬੜ੍ਹਤ ਦਿਵਾਈ, ਜਦਕਿ ਅਗਲੇ ਹੀ ਮਿੰਟ ‘ਚ ਕੋਸਿਨਸ ਨੇ ਸਕੋਰ 2-0 ਕਰ ਦਿੱਤਾ। ਬੈਲਜੀਅਮ ਕੋਲ ਦੂਜੇ ਕੁਆਰਟਰ ਦੇ ਪਹਿਲੇ ਮਿੰਟ ‘ਚ ਸਕੋਰ 3-0 ਕਰਨ ਦਾ ਮੌਕਾ ਸੀ ਪਰ ਜਰਮਨੀ ਦੇ ਗੋਲਕੀਪਰ ਐਲਗਜ਼ੈਂਡਰ ਸਟੈਡਲਰ ਨੇ ਪੈਨਲਟੀ ਕਾਰਨਰ ‘ਤੇ ਗੌਥੀਅਰ ਬੋਕਾਰਡ ਦੇ ਯਤਨ ਨੂੰ ਨਾਕਾਮ ਕੀਤਾ। ਜਰਮਨੀ ਦੇ ਟੌਮ ਗ੍ਰੇਮਬੁਸ਼ ਨੇ 19ਵੇਂ ਮਿੰਟ ‘ਚ ਪੈਨਲਟੀ ਸਟ੍ਰੋਕ ‘ਤੇ ਗੋਲ ਕਰਨ ਦਾ ਮੌਕਾ ਗੁਆਇਆ। ਵੇਲੇਨ ਨੇ ਪੈਨਲਟੀ ਕਾਰਨਰ ਵੈਰੀਏਸ਼ਨ ‘ਤੇ ਗੋਲ ਦਾਗ਼ ਕੇ ਜਰਮਨੀ ਨੂੰ ਵਾਪਸੀ ਦਿਵਾਈ। ਅੰਤਰਾਲ ਦੇ ਸਮੇਂ ਬੈਲਜੀਅਮ ਦੀ ਟੀਮ 2-1 ਨਾਲ ਅੱਗੇ ਸੀ। ਜਰਮਨੀ ਨੇ 40ਵੇਂ ਮਿੰਟ ‘ਚ ਬਰਾਬਰੀ ਕਰਨ ਦਾ ਮੌਕਾ ਗੁਆਇਆ ਪਰ ਪੈਨਲਟੀ ਕਾਰਨਰ ਮਾਹਿਰ ਪੇਇਲਾਟ ਨੇ ਅਗਲੇ ਹੀ ਮਿੰਟ ‘ਚ ਗੋਲ ਕਰਕੇ ਸਕੋਰ 2-2 ਕਰ ਦਿੱਤਾ। ਕਪਤਾਨ ਮੇਟਜ਼ ਗ੍ਰੇਮਬੁਸ਼ ਨੇ ਚੌਥੇ ਕੁਆਰਟਰ ਦੇ ਤੀਜੇ ਮਿੰਟ ‘ਚ ਹੀ ਮੈਚ ‘ਚ ਜਰਮਨੀ ਨੂੰ ਪਹਿਲੀ ਵਾਰ ਲੀਡ ਦਿਵਾਈ। ਜਦੋਂ ਅਜਿਹਾ ਲੱਗ ਰਿਹਾ ਸੀ ਕਿ ਜਰਮਨੀ ਨਿਯਮਿਤ ਸਮੇਂ ‘ਚ ਜਿੱਤ ਜਾਵੇਗਾ ਤਾਂ ਬੂਨ ਨੇ 59ਵੇਂ ਮਿੰਟ ‘ਚ ਬਰਾਬਰੀ ਕਰ ਲਈ।