ਇੰਡੀਆ ਵੱਲੋਂ ਖੇਡਣ ਵਾਲਾ ਹਾਕੀ ਖਿਡਾਰੀ ਪਰਮਜੀਤ ਸਿੰਘ ਫਰੀਦਕੋਟ ਦੇ ਗੁਦਾਮਾਂ ‘ਚ ਪੱਲੇਦਾਰੀ ਕਰਦਾ ਹੋਇਆ ਬੋਰੀਆਂ ਦਾ ਬੋਝ ਢੋਹ ਰਿਹਾ ਹੈ। ਨੌਂ ਕੌਮੀ ਤੇ ਸੂਬਾਈ ਟੂਰਨਾਮੈਂਟ ਖੇਡਣ ਵਾਲਾ ਇਹ ਨੌਜਵਾਨ ਹੁਣ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਪੱਲੇਦਾਰੀ ਕਰਨ ਲਈ ਮਜਬੂਰ ਹੈ। ਇਕੱਤੀ ਸਾਲਾ ਪਰਮਜੀਤ ਸਿੰਘ ਨੇ ਸਕੂਲ ਪੱਧਰ ਤੋਂ ਹਾਕੀ ਖੇਡਣਾ ਸ਼ੁਰੂ ਕੀਤਾ ਸੀ। ਇਸ ਮਗਰੋਂ ਉਸ ਨੇ ਜ਼ਿਲ੍ਹਾ ਤੇ ਫਿਰ ਕੌਮੀ ਪੱਧਰ ‘ਤੇ ਹਾਕੀ ਦੇ ਮੈਦਾਨ ‘ਚ ਜੌਹਰ ਵਿਖਾਏ। ਪਰਮਜੀਤ ਨੇ ਦੱਸਿਆ ਕਿ ਉਸ ਨੇ 2005 ‘ਚ ਸਬ-ਜੂਨੀਅਰ ਵਰਗ ਦੇ ਕੌਮੀ ਮੁਕਾਬਲੇ ‘ਚ ਕਾਂਸੇ ਦਾ ਤਗ਼ਮਾ ਜਿੱਤਿਆ। ਸਾਲ 2006 ‘ਚ ਜੂਨੀਅਰ ਵਰਗ ਦੇ ਕੌਮੀ ਮੁਕਾਬਲੇ ‘ਚ ਸੋਨ ਤਗ਼ਮਾ ਜਿੱਤਿਆ। ਸਾਲ 2007 ‘ਚ ਸਬ-ਜੂਨੀਅਰ ਵਰਗ ਦੇ ਕੌਮੀ ਮੁਕਾਬਲੇ ‘ਚ ਸ਼ਮੂਲੀਅਤ ਕੀਤੀ। ਸਾਲ 2008 ‘ਚ ਜੂਨੀਅਰ ਵਰਗ ਦੇ ਸੂਬਾਈ ਮੁਕਾਬਲੇ ‘ਚ ਕਾਂਸੇ ਦਾ ਤਗ਼ਮਾ ਜਿੱਤਿਆ। ਸਾਲ 2009 ‘ਚ ਪਹਿਲਾ ਚੈਲੇਂਜ ਕੱਪ ਟੂਰਨਾਮੈਂਟ ਖੇਡ ਕੇ ਸੋਨ ਤਗ਼ਮਾ ਜਿੱਤਿਆ। ਸਾਲ 2015 ‘ਚ ਸੀਨੀਅਰ ਸਟੇਟ ਗੋਲਡ ਕੱਪ ਜਿੱਤਿਆ। ਪਰਮਜੀਤ ਨੇ ਦੱਸਿਆ ਕਿ ਜੋ ਖਿਡਾਰੀ ਉਸ ਨਾਲ ਹਾਕੀ ਟੀਮ ‘ਚ ਖੇਡਦੇ ਸਨ ਉਹ ਸਰਕਾਰੀ ਮਹਿਕਮਿਆਂ ‘ਚ ਉੱਚ ਅਹੁਦਿਆਂ ‘ਤੇ ਤਾਇਨਾਤ ਹਨ। ਉਸ ਨੂੰ ਪੰਜਾਬ ਪੁਲੀਸ ਅਤੇ ਪੰਜਾਬ ਰਾਜ ਬਿਜਲੀ ਬੋਰਡ ‘ਚ ਠੇਕਾ ਆਧਾਰ ‘ਤੇ ਨੌਕਰੀ ਮਿਲੀ ਸੀ। ਉਹ ਦੋਵਾਂ ਮਹਿਕਮਿਆਂ ਵੱਲੋਂ ਖੇਡਦਾ ਰਿਹਾ ਪਰ ਠੇਕਾ ਖ਼ਤਮ ਹੋਣ ਮਗਰੋਂ ਮੁੜ ਘਰ ਬੈਠ ਗਿਆ। ਉਸ ਨੇ ਦੱਸਿਆ ਕਿ ਉਹ ਜਦੋਂ ਬਿਜਲੀ ਬੋਰਡ ‘ਚ ਕੰਮ ਕਰਦਾ ਸੀ ਤਾਂ ਹਾਦਸੇ ‘ਚ ਉਸ ਦੇ ਸੱਜੇ ਹੱਥ ਦਾ ਅੰਗੂਠਾ ਨੁਕਸਾਨਿਆ ਗਿਆ ਸੀ। ਉਹ ਖ਼ੁਦ ਇਸ ਦਾ ਇਲਾਜ ਕਰਵਾਉਣ ਤੋਂ ਅਸਮਰੱਥ ਸੀ। ਉਸ ਨੇ ਇਲਾਜ ਵਾਸਤੇ ਮਦਦ ਲਈ ਕਾਫ਼ੀ ਚਾਰਾਜੋਈ ਕੀਤੀ ਪਰ ਕੋਈ ਮਦਦ ਨਾ ਮਿਲੀ। ਇਸ ਕਾਰਨ ਉਹ ਹਾਕੀ ਖੇਡਣ ਤੋਂ ਵਾਂਝਾ ਹੋ ਗਿਆ। ਉਸ ਨੇ ਕਿਹਾ ਕਿ ਜੇ ਉਸ ਦਾ ਸਹੀ ਇਲਾਜ ਹੋ ਜਾਵੇ ਤਾਂ ਉਹ ਮੁੜ ਖੇਡ ਸਕਦਾ ਹੈ।