ਕਾਮਨਵੈਲਥ ਗੇਮਜ਼ ‘ਚ ਆਸਟਰੇਲੀਆ ਦਾ ਦਬਦਬਾ ਤੋੜਨ ਦਾ ਇੰਡੀਆ ਦਾ ਸੁਫ਼ਨਾ ਇਸ ਵਾਰ ਵੀ ਅਧੂਰਾ ਰਿਹਾ ਅਤੇ ਇੱਕਪਾਸੜ ਫਾਈਨਲ ‘ਚ ਇਸ ਦਿੱਗਜ ਟੀਮ ਹੱਥੋਂ 0-7 ਨਾਲ ਸ਼ਰਮਨਾਕ ਹਾਰ ਤੋਂ ਬਾਅਦ ਉਸ ਨੂੰ ਚਾਂਦੀ ਦੇ ਤਗ਼ਮੇ ਨਾਲ ਹੀ ਸਬਰ ਕਰਨਾ ਪਿਆ। ਟੋਕੀਓ ਓਲੰਪਿਕਸ ‘ਚ ਕਾਂਸੀ ਤਗ਼ਮਾ ਜੇਤੂ ਭਾਰਤੀ ਟੀਮ ਨੂੰ ਹਰ ਵਿਭਾਗ ‘ਚ ਆਸਟਰੇਲੀਆ ਨੇ ਪਛਾੜ ਦਿੱਤਾ। ਇਸ ਮੈਚ ਦੇ ਨਤੀਜੇ ਨਾਲ ਹਾਕੀ ਪ੍ਰੇਮੀਆਂ ਦੀਆਂ ਦਿੱਲੀ ਰਾਸ਼ਟਰਮੰਡਲ ਖੇਡਾਂ-2010 ਨਾਲ ਜੁੜੀਆਂ ਕੌੜੀਆਂ ਯਾਦਾਂ ਫਿਰ ਤਾਜ਼ਾ ਹੋ ਗਈਆਂ ਜਦੋਂ ਫਾਈਨਲ ‘ਚ ਆਸਟਰੇਲੀਆ ਦੀ ਟੀਮ ਨੇ ਇੰਡੀਆ ਨੂੰ 8-0 ਨਾਲ ਹਰਾਇਆ ਸੀ। ਲੀਗ ਗੇੜ ‘ਚ ਜੇਤੂ ਤੇ ਪੂਲ ‘ਚ ਸਿਖਰ ‘ਤੇ ਰਹਿਣ ਵਾਲੀ ਭਾਰਤੀ ਟੀਮ ਫਾਈਨਲ ‘ਚ ਬਿਲਕੁਲ ਫਾਰਮ ‘ਚ ਦਿਖਾਈ ਨਹੀਂ ਦਿੱਤੀ। ਫਾਰਵਰਡ ਕਤਾਰ ‘ਚ ਤਾਲਮੇਲ ਨਹੀਂ ਸੀ ਅਤੇ ਡਿਫੈਂਸ ਨੂੰ ਆਸਟਰੇਲੀਆ ਨੇ ਪੂਰੀ ਤਰ੍ਹਾਂ ਤੋੜ ਦਿੱਤਾ। ਇਸੇ ਦੌਰਾਨ ਕਪਤਾਨ ਮਨਪ੍ਰੀਤ ਸਿੰਘ ਨੂੰ ਮੋਢੇ ‘ਤੇ ਲੱਗੀ ਸੱਟ ਨੇ ਇੰਡੀਆ ਦਾ ਪ੍ਰਦਰਸ਼ਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਆਸਟਰੇਲੀਆ ਲਈ ਬਲੈਕ ਗੋਵਰਸ (9ਵਾਂ ਮਿੰਟ), ਨਾਥਨ ਐਫਰਾਮਸ (14ਵਾਂ ਤੇ 42ਵਾਂ), ਜੈਕਬ ਐਂਡਰਸਨ (22ਵਾਂ ਤੇ 27ਵਾਂ), ਟੌਮ ਵਿਕਹੈਮ (26ਵਾਂ) ਅਤੇ ਫਿਨ ਓਗਿਲਵੀ (46ਵਾਂ) ਨੇ ਗੋਲ ਦਾਗੇ। ਰਾਸ਼ਟਰਮੰਡਲ ਖੇਡਾਂ ‘ਚ 1998 ‘ਚ ਹਾਕੀ ਨੂੰ ਸ਼ਾਮਲ ਕੀਤੇ ਜਾਣ ਮਗਰੋਂ ਸਾਰੇ ਸੱਤ ਸੋਨ ਤਗ਼ਮੇ ਆਸਟਰੇਲੀਆ ਨੇ ਜਿੱਤੇ ਹਨ। ਇੰਡੀਆ ਨੇ 2010 ‘ਚ ਦਿੱਲੀ ਅਤੇ 2014 ‘ਚ ਗਲਾਸਗੋ ਰਾਸ਼ਟਰਮੰਡਲ ਖੇਡਾਂ ‘ਚ ਚਾਂਦੀ ਦਾ ਤਗ਼ਮਾ ਹੀ ਜਿੱਤਿਆ ਸੀ। ਆਸਟਰੇਲੀਆ ਦੇ ਦਬਦਬੇ ਦਾ ਹਾਲ ਇਹ ਸੀ ਕਿ ਇੰਡੀਆ ਵੱਲੋਂ ਗੋਲ ‘ਤੇ ਇੱਕ ਵੀ ਗੰਭੀਰ ਹਮਲਾ ਦਿਖਾਈ ਨਹੀਂ ਦਿੱਤਾ ਅਤੇ ਆਸਟਰੇਲੀਆ ਨੇ ਮਨ ਮਰਜ਼ੀ ਦੇ ਅੰਦਾਜ਼ ਨਾਲ ਗੋਲ ਦਾਗੇ ਤੇ ਜੇਕਰ ਪੀਆਰ ਸ਼੍ਰੀਜੇਸ਼ ਗੋਲ ਅੱਗੇ ਨਾ ਹੁੰਦਾ ਤਾਂ ਹਾਰ ਦਾ ਫਰਕ ਹੋਰ ਵੱਡਾ ਹੁੰਦਾ। ਜੌਹਾਨ ਡਸਟਰ ਨੇ 51ਵੇਂ ਮਿੰਟ ‘ਚ ਗੋਲ ਦਾਗਿਆ ਪਰ ਭਾਰਤੀ ਟੀਮ ਰੈਫਰਲ ‘ਤੇ ਉਸ ਨੂੰ ਰੱਦ ਕਰ ਦਿੱਤਾ ਗਿਆ ਤੇ 2010 ਦਾ ਇਤਿਹਾਸ ਦੁਹਰਾਏ ਜਾਣ ਤੋਂ ਬਚਾਅ ਹੋ ਗਿਆ।