ਇੰਡੀਆ ਦੀ ਹਾਕੀ ਟੀਮ ਦੀ ਕਪਤਾਨ ਤੇ ਗੋਲਕੀਪਰ ਸਵਿਤਾ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਇੰਡੀਆ ਨੇ ਐੱਫ.ਆਈ.ਐੱਚ. ਮਹਿਲਾ ਹਾਕੀ ਵਿਸ਼ਵ ਕੱਪ ਦੇ ਕਲਾਸੀਫਿਕੇਸ਼ਨ ਮੁਕਾਬਲੇ ’ਚ ਕੈਨੇਡਾ ਨੂੰ ਸ਼ੂਟਆਊਟ ’ਚ 3-2 ਨਾਲ ਹਰਾ ਕੇ ਟੂਰਨਾਮੈਂਟ ’ਚ ਪਹਿਲੀ ਜਿੱਤ ਦਰਜ ਕੀਤੀ। ਤੈਅ ਸਮੇਂ ਤੋਂ ਬਾਅਦ ਦੋਵੇਂ ਟੀਮਾਂ 1-1 ਨਾਲ ਬਰਾਬਰ ਸਨ। ਮੇਡੇਲਾਈਨ ਸੇਕੋ ਨੇ 11ਵੇਂ ਮਿੰਟ ’ਚ ਹੀ ਕੈਨੇਡਾ ਨੂੰ ਬਡ਼੍ਹਤ ਦਿਵਾ ਦਿੱਤੀ ਸੀ ਪਰ ਇੰਡੀਆ 58ਵੇਂ ਮਿੰਟ ’ਚ ਸਲੀਮਾ ਟੇਟੇ ਦੇ ਗੋਲ ਨਾਲ ਬਰਾਬਰੀ ਹਾਸਲ ਕਰਨ ’ਚ ਕਾਮਯਾਬ ਰਿਹਾ। ਇੰਡੀਆ ਦੀ ਜਿੱਤ ’ਚ ਹਾਲਾਂਕਿ ਸਭ ਤੋਂ ਅਹਿਮ ਭੂਮਿਕਾ ਗੋਲਕੀਪਰ ਸਵਿਤਾ ਦੀ ਰਹੀ ਜਿਸ ਨਾਲ ਟੀਮ ਟੂਰਨਾਮੈਂਟ ’ਚ ਪਹਿਲੀ ਜਿੱਤ ਦਰਜ ਕਰ ਸਕੀ। ਨੌਵੇਂ ਤੋਂ 16ਵੇਂ ਸਥਾਨ ਦੇ ਕਲਾਸੀਫਿਕੇਸ਼ਨ ਮੁਕਾਬਲੇ ’ਚ ਭਾਰਤੀ ਕਪਤਾਨ ਨੇ ਸ਼ੂਟਆਊਟ ’ਚ ਵਿਰੋਧੀ ਟੀਮ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਜਦਕਿ ਨਵਨੀਤ ਕੌਰ, ਸੋਨਿਕਾ ਤੇ ਨੇਹਾ ਨੇ ਗੋਲ ਕਰ ਕੇ ਇੰਡੀਆ ਦੀ ਜਿੱਤ ਯਕੀਨੀ ਬਣਾਈ। ਇੰਡੀਆ ਦੇ ਸ਼ੁਰੂਆਤੀ ਦਬਾਅ ਨਾਲ ਨਜਿੱਠਣ ਤੋਂ ਬਾਅਦ ਕੈਨੇਡਾ ਨੇ ਗੇਂਦ ਨੂੰ ਗੋਲ ’ਚ ਪਹੁੰਚਾ ਦਿੱਤਾ ਪਰ ਰੈਫਰੀ ਨੇ ਇਸ ਨੂੰ ਨਾਮਨਜ਼ੂਰ ਕਰਦੇ ਹੋਏ ਪੈਨਲਟੀ ਕਾਰਨਰ ਦਿੱਤਾ ਤੇ ਨਤਾਲੀ ਸੋਰੀਸਯੂ ਗੋਲ ਕਰਨ ’ਚ ਨਾਕਾਮ ਰਹੀ। ਕੈਨੇਡਾ ਨੂੰ ਇਸ ਤੋਂ ਕੁਝ ਮਿੰਟ ਬਾਅਦ ਇਕ ਹੋਰ ਪੈਨਲਟੀ ਕਾਰਨਰ ਮਿਲਿਆ ਤੇ ਇਸ ਵਾਰ ਟੀਮ ਨੇ ਵੇਰੀਏਸ਼ਨ ’ਤੇ ਗੋਲ ਕੀਤਾ। ਕੈਥਲੀਨ ਲੀਹੀ ਨੇ ਭਾਰਤੀ ਡਿਫੈਂਸ ਨੂੰ ਭੁਲੇਖਾ ਪਾਉਂਦੇ ਹੋਏ ਗੇਂਦ ਸੇਕੋ ਵੱਲ ਵਧਾਈ ਜਿਨ੍ਹਾਂ ਨੇ ਇਸ ਨੂੰ ਗੋਲ ’ਚ ਪਹੁੰਚਾ ਦਿੱਤਾ। ਇੰਡੀਆ ਨੇ ਦੂਜੇ ਕੁਆਰਟਰ ’ਚ ਮਜ਼ਬੂਤ ਸ਼ੁਰੂਆਤ ਕੀਤੀ ਤੇ ਕਈ ਵਾਰ ਕੈਨੇਡਾ ਦੇ ਡਿਫੈਂਸ ਨੂੰ ਤੋਡ਼ਿਆ ਪਰ ਗੋਲ ਕਰਨ ’ਚ ਨਾਕਾਮੀ ਮਿਲੀ। ਅੱਧੇ ਸਮੇਂ ਤੋਂ ਬਾਅਦ ਵੀ ਇੰਡੀਆ ਨੇ ਹਮਲੇ ਜਾਰੀ ਰੱਖੇ। ਲਾਰੇਮਸਿਆਮੀ ਨੇ ਕੈਨੇਡਾ ਦੇ ਡਿਫੈਂਸ ਨੂੰ ਤੋਡ਼ਨ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੀ। ਇੰਡੀਆ ਨੂੰ ਤੀਜੇ ਕੁਆਰਟਰ ਦੇ ਆਖ਼ਰੀ ਸਮੇਂ ’ਚ ਲਾਗਾਤਾਰ ਦੋ ਪੈਨਲਟੀ ਕਾਰਨਰ ਮਿਲੇ ਪਰ ਟੀਮ ਇਸ ਨੂੰ ਗੋਲ ’ਚ ਨਹੀਂ ਬਦਲ ਸਕੀ। ਚੌਥੇ ਤੇ ਆਖ਼ਰੀ ਕੁਆਰਟਰ ’ਚ ਇੰਡੀਆ ਨੂੰ ਕਈ ਪੈਨਲਟੀ ਕਾਰਨਰ ਮਿਲੇ ਪਰ ਗੁਰਜੀਤ ਕੌਰ ਇਨ੍ਹਾਂ ਨੂੰ ਗੋਲ ’ਚ ਨਹੀਂ ਬਦਲ ਸਕੀ। ਇੰਡੀਾ ਨੂੰ ਆਖ਼ਰ ਸਲੀਮਾ ਟੇਟੇ ਨੇ ਬਰਾਬਰੀ ਦਿਵਾਈ ਤੇ ਪੈਨਲਟੀ ਕਾਰਨਰ ’ਤੇ ਗੁਰਜੀਤ ਦੀ ਡਰੈਗ ਫਲਿੱਕ ਨੂੰ ਕੈਨੇਡਾ ਦੀ ਗੋਲਕੀਪਰ ਦੇ ਰੋਕਣ ਤੋਂ ਬਾਅਦ ਉਨ੍ਹਾਂ ਨੇ ਰਿਬਾਊਂਡ ’ਤੇ ਗੋਲ ਕੀਤਾ।