ਅਰਜਨਟੀਨਾ ਨੇ ਆਪਣੇ ਪਹਿਲੇ ਮੈਚ ‘ਚ ਸਾਊਥ ਅਫਰੀਕਾ ਨੂੰ 1-0 ਨਾਲ ਹਰਾ ਕੇ ਐੱਫ.ਆਈ.ਐੱਚ. ਪੁਰਸ਼ ਹਾਕੀ ਵਰਲਡ ਕੱਪ 2023 ਟੂਰਨਾਮੈਂਟ ਦੀ ਜਿੱਤ ਨਾਲ ਸ਼ੁਰੂਆਤ ਕੀਤੀ। ਕਲਿੰਗਾ ਸਟੇਡੀਅਮ ‘ਚ ਖੇਡੇ ਗਏ ਪੂਲ-ਏ ਦੇ ਮੈਚ ‘ਚ ਮਾਈਕੋ ਕਾਸੇਲਾ ਨੇ ਤੀਜੇ ਕੁਆਰਟਰ ‘ਚ ਜੇਤੂ ਟੀਮ ਲਈ ਗੋਲ ਕੀਤਾ। ਇਸ ਜਿੱਤ ਨਾਲ ਅਰਜਨਟੀਨਾ ਦੇ ਤਿੰਨ ਅੰਕ ਹੋ ਗਏ ਹਨ ਅਤੇ ਉਹ ਆਪਣੇ ਪੂਲ ‘ਚ ਪਹਿਲੇ ਸਥਾਨ ‘ਤੇ ਹੈ। ਪਿਛਲੇ ਵਰਲਡ ਕੱਪ ‘ਚ ਸੱਤਵੇਂ ਸਥਾਨ ‘ਤੇ ਰਹੇ ਅਰਜਨਟੀਨਾ ਨੇ ਸ਼ੁਰੂਆਤੀ ਮਿੰਟਾਂ ‘ਚ ਸਾਊਥ ਅਫਰੀਕਾ ਦੇ ਗੋਲ ‘ਤੇ ਹਮਲਾ ਕਰਦੇ ਹੋਏ ਇੱਥੇ ਆਪਣੀ ਮੁਹਿੰਮ ਦੀ ਹਮਲਾਵਰ ਸ਼ੁਰੂਆਤ ਕੀਤੀ। ਸਾਊਥ ਅਫਰੀਕਾ ਦੇ ਖਿਡਾਰੀਆਂ ਨੇ ਹਾਲਾਂਕਿ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਅਤੇ ਗੇਂਦ ‘ਤੇ ਕਬਜ਼ਾ ਕਰ ਲਿਆ। ਸੇਨਜ਼ਵਿਜ਼ਲੇ ਨਿਉਬਾਨੇ ਫਿਰ ਗੇਂਦ ਨਾਲ ਅਰਜਨਟੀਨਾ ਦੇ ਡੀ ਵੱਲ ਭੱਜਿਆ ਪਰ ਉਸ ਦੇ ਡਿਫੈਂਸ ਨੇ ਗੇਂਦ ਨੂੰ ਬਾਹਰ ਧੱਕ ਦਿੱਤਾ। ਮੈਚ ਦੇ ਦੂਜੇ ਕੁਆਰਟਰ ‘ਚ ਅਰਜਨਟੀਨਾ ਨੂੰ ਦੋ ਪੈਨਲਟੀ ਮਿਲੇ ਹਾਲਾਂਕਿ ਉਸ ਨੂੰ ਲੀਡ ਲੈਣ ਲਈ ਤੀਜੇ ਕੁਆਰਟਰ ਤੱਕ ਇੰਤਜ਼ਾਰ ਕਰਨਾ ਪਿਆ। ਸ਼ੁਰੂਆਤੀ 30 ਮਿੰਟਾਂ ‘ਚ ਕੋਈ ਸਫਲਤਾ ਨਾ ਮਿਲਣ ਦੇ ਬਾਵਜੂਦ ਅਰਜਨਟੀਨਾ ਨੇ ਵਿਰੋਧੀ ਟੀਮ ਦੇ ਗੋਲਪੋਸਟਾਂ ‘ਤੇ ਹਮਲੇ ਜਾਰੀ ਰੱਖੇ। ਉਨ੍ਹਾਂ ਨੂੰ ਇਸ ਦਾ ਫਾਇਦਾ ਉਦੋਂ ਮਿਲਿਆ ਜਦੋਂ ਲੂਕਸ ਟੋਸਕਾਨੀ ਦੇ ਪਾਸ ‘ਤੇ ਕੈਸੇਲਾ ਨੇ ਸਾਊਥ ਅਫਰੀਕੀ ਗੋਲ ਕੀਪਰ ਨੂੰ ਝਕਾਨੀ ਦਿੰਦੇ ਹੋਏ ਗੇਂਦ ਨੂੰ ਨੈੱਟ ‘ਤੇ ਪਹੁੰਚਾ ਦਿੱਤਾ। ਓਧਰ ਜੈਰੇਮੀ ਹੈਵਰਡ ਅਤੇ ਟੌਮ ਕ੍ਰੇਗ ਦੀ ਹੈਟ੍ਰਿਕ ਨਾਲ ਦੁਨੀਆਂ ਦੀ ਨੰਬਰ ਇਕ ਟੀਮ ਆਸਟਰੇਲੀਆ ਨੇ ਪੁਲ ਏ ਦੇ ਮੈਚ ‘ਚ ਫਰਾਂਸ ਨੂੰ 8-0 ਨਾਲ ਹਰਾਇਆ। ਕ੍ਰੇਗ ਨੇ 8ਵੇਂ, 31ਵੇਂ ਅਤੇ 44ਵੇਂ ਮਿੰਟ ‘ਚ ਫੀਲਡ ਗੋਲ ਕੀਤੇ ਜਦਕਿ ਹੈਵਰਡ ਨੇ 12 ਮਿੰਟਾਂ ‘ਚ ਤਿੰਨ ਗੋਲ ਦਾਗੇ। ਉਸ ਨੇ 26ਵੇਂ, 28ਵੇਂ ਅਤੇ 38ਵੇਂ ਮਿੰਟ ‘ਚ ਪੈਨਲਟੀ ਕਾਰਨਰਾਂ ਰਾਹੀਂ ਇਹ ਗੋਲ ਕੀਤੇ।