ਕਾਂਗਰਸ ਪਾਰਟੀ ਦੇ ਆਗੂ ਅਤੇ ਹਲਕਾ ਦਾਖਾ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਕੈਪਟਨ ਸੰਦੀਪ ਸੰਧੂ ਨੂੰ 65 ਲੱਖ ਰੁਪਏ ਦੇ ਸੋਲਰ ਸਟਰੀਟ ਲਾਈਟ ਘੁਟਾਲੇ ‘ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਤਿੰਨ ਮਹੀਨਿਆਂ ਤੋਂ ਲਗਾਤਾਰ ਵਿਜੀਲੈਂਸ ਦੀ ਗ੍ਰਿਫ਼ਤ ‘ਚੋਂ ਬਾਹਰ ਸੰਧੂ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਗਈ ਹੈ। ਅਦਾਲਤ ਵੱਲੋਂ ਉਨ੍ਹਾਂ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਗਈ ਹੈ। ‘ਭਾਰਤ ਜੋੜੋ ਯਾਤਰਾ’ ਤੋਂ ਪਹਿਲਾਂ ਉਨ੍ਹਾਂ ਨੂੰ ਮਿਲੀ ਇਸ ਜ਼ਮਾਨਤ ਨਾਲ ਪੰਜਾਬ ਕਾਂਗਰਸ ਨੇ ਸੁੱਖ ਦਾ ਸਾਹ ਲਿਆ ਹੈ। ਜ਼ਿਕਰਯੋਗ ਹੈ ਕਿ ਯਾਤਰਾ 11 ਜਨਵਰੀ ਨੂੰ ਪੰਜਾਬ ‘ਚ ਦਾਖਲ ਹੋਵੇਗੀ। ਵਿਜੀਲੈਂਸ ਵੱਲੋਂ ਕਰੀਬ ਤਿੰਨ ਮਹੀਨੇ ਪਹਿਲਾਂ ਸੰਦੀਪ ਸੰਧੂ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਵਿਜੀਲੈਂਸ ਦੀ ਟੀਮ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਮੁਹਾਲੀ, ਚੰਡੀਗੜ੍ਹ, ਜਗਰਾਉਂ, ਮੁੱਲਾਂਪੁਰ ਦਾਖਾ, ਮੁਕਤਸਰ, ਜ਼ੀਰਾ ਇਲਾਕਿਆਂ ‘ਚ ਛਾਪੇ ਮਾਰੇ ਸਨ। ਦੱਸਣਯੋਗ ਹੈ ਕਿ ਸਤਵਿੰਦਰ ਸਿੰਘ, ਬੀ.ਡੀ.ਪੀ.ਓ. ਸਿੱਧਵਾਂ ਬੇਟ ਬਲਾਕ ਨੂੰ ਪੋਸਟਿੰਗ ਦੌਰਾਨ 26 ਪਿੰਡਾਂ ‘ਚ ਸਟਰੀਟ ਲਾਈਟਾਂ ਲਾਉਣ ਲਈ ਸਰਕਾਰ ਤੋਂ ਹਦਾਇਤਾਂ ਮਿਲੀਆਂ ਸਨ। ਵਿਜੀਲੈਂਸ ਦੀ ਜਾਂਚ ਮੁਤਾਬਕ ਬੀ.ਡੀ.ਪੀ.ਓ. ਨੇ ਇਕ ਇਲੈਕਟ੍ਰੀਕਲ ਫਰਮ ਦੇ ਮਾਲਕ ਗੌਰਵ ਸ਼ਰਮਾ ਦੀ ਕਥਿਤ ਮਿਲੀਭੁਗਤ ਨਾਲ ਸਰਕਾਰੀ ਫੰਡ ਦੀ ਦੁਰਵਰਤੋਂ ਕੀਤੀ ਸੀ।