ਪਾਕਿਸਤਾਨ ਦੇ ਬਲੋਚਿਸਤਾਨ ‘ਚ ਹਾਈ ਕੋਰਟ ਅਤੇ ਫੈਡਰਲ ਸ਼ਰੀਅਤ ਅਦਾਲਤ ਦੇ ਸਾਬਕਾ ਚੀਫ ਜਸਟਿਸ ਮੁਹੰਮਦ ਨੂਰ ਮਸਕਾਨਜ਼ਈ ਦੀ ਹੱਤਿਆ ਕਰ ਦਿੱਤੀ ਗਈ ਹੈ। ਜਸਟਿਸ ਮੁਹੰਮਦ ਨੂਰ ਦੀ ਸ਼ੁੱਕਰਵਾਰ ਰਾਤ ਨੂੰ ਉਨ੍ਹਾਂ ਦੇ ਜੱਦੀ ਸ਼ਹਿਰ ਖਾਰਨ ‘ਚ ਅਣਪਛਾਤੇ ਬੰਦੂਕਧਾਰੀਆਂ ਨੇ ਉਸ ਸਮੇਂ ਗੋਲੀ ਮਾਰ ਦਿੱਤੀ ਜਦੋਂ ਉਹ ਨਮਾਜ਼ ਅਦਾ ਕਰ ਰਹੇ ਸਨ। ਰੁਖਸ਼ਾਨ ਡਿਵੀਜ਼ਨ ਦੇ ਡਿਪਟੀ ਇੰਸਪੈਕਟਰ ਜਨਰਲ ਆਫ ਪੁਲੀਸ ਨਜ਼ੀਰ ਅਹਿਮਦ ਕੁਰਦ ਨੇ ਦੱਸਿਆ ਕਿ ਹਮਲੇ ‘ਚ ਗੰਭੀਰ ਜ਼ਖ਼ਮੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਇਕ ਸਥਾਨਕ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦਿੱਤਾ। ਬਲੋਚਿਸਤਾਨ ਦੇ ਮੁੱਖ ਮੰਤਰੀ ਮੀਰ ਅਬਦੁਲ ਕੁਦੌਸ ਬਿਜੇਂਜੋ ਨੇ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੂੰ ਕੱਟੜਪੰਥੀਆਂ ਨੇ ਨਿਸ਼ਾਨਾ ਬਣਾਇਆ ਹੈ। ਮੁਹੰਮਦ ਨੂਰ ‘ਤੇ ਉਸ ਦੇ ਜੱਦੀ ਸ਼ਹਿਰ ਖਾਰਨ ‘ਚ ਉਸ ਦੇ ਘਰ ਨੇੜੇ ਇਕ ਮਸਜਿਦ ‘ਚ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਹ ਮਸਜਿਦ ‘ਚ ਈਸ਼ਾ ਦੀ ਨਮਾਜ਼ (ਰਾਤ ਦੀ ਨਮਾਜ਼) ਪੜ੍ਹ ਰਹੇ ਸੀ। ਉਸਨੇ ਕਿਹਾ, ‘ਜਦੋਂ ਉਹ ਮਸਜਿਦ ‘ਚ ਨਮਾਜ਼ ਅਦਾ ਕਰਨ ‘ਚ ਰੁੱਝਿਆ ਹੋਇਆ ਸੀ, ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਮਸਜਿਦ ਦੀ ਖਿੜਕੀ ਤੋਂ ਉਸ ‘ਤੇ ਗੋਲੀਆਂ ਚਲਾ ਦਿੱਤੀਆਂ।’ ਉਸਨੇ ਕਿਹਾ, ‘ਜਦੋਂ ਉਸ ‘ਤੇ ਹਮਲਾ ਕੀਤਾ ਗਿਆ ਤਾਂ ਮਸਜਿਦ ‘ਚ ਹਫੜਾ-ਦਫੜੀ ਮੱਚ ਗਈ। ਹਮਲੇ ‘ਚ ਦੋ ਲੋਕ ਜ਼ਖਮੀ ਵੀ ਹੋਏ ਹਨ। ਗੋਲੀਬਾਰੀ ਕਰਨ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਜਿਸ ਮਗਰੋਂ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲੇ ਤੱਕ ਕਿਸੇ ਨੇ ਇਸ ਹੱਤਿਆ ਦੀ ਜ਼ਿੰਮੇਵਾਰੀ ਨਹੀਂ ਲਈ ਹੈ।