ਬ੍ਰਿਟੇਨ ‘ਚ ਸੌ ਸਾਲਾਂ ‘ਚ ਪਹਿਲੀ ਵਾਰ ਸਿੱਖ ਫ਼ੌਜੀ ਜਵਾਨਾਂ ਨੂੰ ਨਿੱਤਨੇਮ ਗੁਟਕਾ ਸਾਹਿਬ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਸਬੰਧੀ ਇਕ ਰਿਪੋਰਟ ‘ਚ ਦੱਸਿਆ ਗਿਆ ਕਿ ਫੌਜੀ ਜੀਵਨ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਗੁਟਕਾ ਸਾਹਿਬ ਨੂੰ ਟਿਕਾਊ ਅਤੇ ਵਾਟਰਪਰੂਫ ਸਮੱਗਰੀ ‘ਚ ਤਿੰਨ ਭਾਸ਼ਾਵਾਂ ‘ਚ ਛਾਪਿਆ ਗਿਆ ਹੈ। ਜਦੋਂ ਕਿ ਬ੍ਰਿਟਿਸ਼ ਆਰਮੀ ਦੇ ਗੁਟਕਾ ਸਾਹਿਬ ‘ਚ ਇਕ ਕੈਮਫਲੇਜ ਕਵਰ ਹੁੰਦਾ ਹੈ, ਉਥੇ ਰਾਇਲ ਨੇਵੀ ਅਤੇ ਆਰ.ਏ.ਐਫ. ‘ਚ ਗੁਟਕਾ ਸਾਹਿਬ ਨੇਵੀ ਬਲੂ ਹੁੰਦਾ ਹੈ। ਮੇਜਰ ਦਲਜਿੰਦਰ ਸਿੰਘ ਵਿਰਦੀ, ਜੋ ਕਿ ਬ੍ਰਿਟਿਸ਼ ਫ਼ੌਜ ‘ਚ ਹਨ ਅਤੇ ਗੁਟਕਾ ਸਾਹਿਬ ਦੀ ਵਾਪਸੀ ਲਈ ਦੋ ਸਾਲ ਮੁਹਿੰਮ ਚਲਾ ਚੁੱਕੇ ਹਨ, ਨੇ ਕਿਹਾ ਕਿ ਫ਼ੌਜ ਕਈ ਸਾਲਾਂ ਤੋਂ ਈਸਾਈ ਧਾਰਮਿਕ ਗ੍ਰੰਥ ਮੁਹੱਈਆ ਕਰਵਾ ਰਹੀ ਹੈ ਅਤੇ ਮੈਂ ਉਥੇ ਸਿੱਖ ਫ਼ੌਜੀਆਂ ਲਈ ਗੁਟਕਾ ਸਾਹਿਬ ਪ੍ਰਦਾਨ ਕਰਾਉਣ ਦਾ ਮੌਕਾ ਦੇਖਿਆ। ਨਿਤਨੇਮ ਗੁਟਕਾ ਸਾਹਿਬ ਵਿਲਟਸ਼ਾਇਰ ‘ਚ ਛਾਪੇ ਗਏ ਸਨ ਅਤੇ ਉਨ੍ਹਾਂ ਨੂੰ ਸਿੱਖ ਮਰਿਯਾਦਾ ਮੁਤਾਬਕ ਇਕ ਸਿੰਘਾਸਣ ‘ਤੇ ਰੱਖਿਆ ਗਿਆ ਸੀ। ਉਨ੍ਹਾਂ ਨੂੰ ਲੰਡਨ ਦੇ ਕੇਂਦਰੀ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ‘ਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਅਧਿਕਾਰਤ ਤੌਰ ‘ਤੇ 28 ਅਕਤੂਬਰ ਨੂੰ ਫ਼ੌਜੀ ਕਰਮਚਾਰੀਆਂ ਨੂੰ ਜਾਰੀ ਕੀਤਾ ਗਿਆ ਸੀ। ਯੂ.ਕੇ. ਡਿਫੈਂਸ ਸਿੱਖ ਨੈਟਵਰਕ ਦੇ ਚੇਅਰਪਰਸਨ ਮੇਜਰ ਸਿੰਘ ਵਿਰਦੀ, ਜੋ ਦਿਨ ‘ਚ ਤਿੰਨ ਵਾਰ ਆਪਣੇ ਨਿਤਨੇਮ ਗੁਟਕਾ ਸਾਹਿਬ ਦੀ ਵਰਤੋਂ ਕਰਦੇ ਹਨ, ਨੇ ਕਿਹਾ ਕਿ ਸਿੱਖਾਂ ਲਈ ਸਾਡੇ ਧਰਮ ਗ੍ਰੰਥ ਕੇਵਲ ਸ਼ਬਦ ਨਹੀਂ ਹਨ, ਇਹ ਸਾਡੇ ਗੁਰੂ ਦਾ ਜੀਵਤ ਸਰੂਪ ਹਨ। ਇਸ ਤੋਂ ਅਸੀਂ ਨੈਤਿਕ ਸ਼ਕਤੀ ਪ੍ਰਾਪਤ ਕਰਦੇ ਹਾਂ। ਹਰ ਰੋਜ਼ ਗ੍ਰੰਥਾਂ ਨੂੰ ਪੜ੍ਹਨ ਨਾਲ ਸਰੀਰਕ ਤਾਕਤ ਮਿਲਦੀ ਹੈ, ਇਹ ਸਾਨੂੰ ਅਨੁਸ਼ਾਸਨ ‘ਚ ਰਹਿਣਾ ਸਿਖਾਉਂਦੇ ਹਨ ਅਤੇ ਅਧਿਆਤਮਿਕ ਤੌਰ ‘ਤੇ ਅੱਗੇ ਵਧਣ ‘ਚ ਮਦਦ ਕਰਦੇ ਹਨ। ਸਿੱਖ ਧਰਮ ਦੇ ਹੋਰ ਕਕਾਰਾਂ ਸ੍ਰੀ ਸਾਹਿਬ, ਕੜਾ ਅਤੇ ਲੱਕੜ ਦੇ ਕੰਘੇ ਸਮੇਤ ਨਿਤਨੇਮ ਗੁਟਕਾ ਸਾਹਿਬ ਪਹਿਲੀ ਵਾਰ ਇਕ ਸਦੀ ਤੋਂ ਵੀ ਵੱਧ ਸਮਾਂ ਪਹਿਲਾਂ ਫ਼ੌਜੀ ਕਰਮਚਾਰੀਆਂ ਨੂੰ ਜਾਰੀ ਕੀਤੇ ਗਏ ਸਨ, ਪਰ ਉਦੋਂ ਤੋਂ ਦੁਬਾਰਾ ਫਿਰ ਕਦੇ ਵੀ ਜਾਰੀ ਨਹੀਂ ਕੀਤੇ ਗਏ।