ਸੀ.ਬੀ.ਆਈ. ਦੀ ਟੀਮ ਨੇ ਸ਼ੈਲਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਸ਼ੈਲੀ ਦੇ ਬਰਨਾਲਾ ਸਥਿਤ ਘਰ ਛਾਪਾ ਮਾਰ ਕੇ ਉਸ ਕੋਲੋਂ ਕਰੀਬ ਅੱਠ ਘੰਟੇ ਪੁੱਛ-ਪੜਤਾਲ ਕੀਤੀ। ਜਾਣਕਾਰੀ ਅਨੁਸਾਰ ਸੀ.ਬੀ.ਆਈ. ਅਧਿਕਾਰੀਆਂ ਵੱਲੋਂ ਸੰਜੀਵ ਕੁਮਾਰ ਦੇ ਘਰ ਪਏ ਕਾਗਜ਼ਾਂ ਦੀ ਜਾਂਚ ਪੜਤਾਲ ਕੀਤੀ ਗਈ। ਸੀ.ਬੀ.ਆਈ. ਵੱਲੋਂ ਛਾਪੇ ਤੋਂ ਪਹਿਲਾਂ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੂੰ ਸੂਚਿਤ ਕੀਤਾ ਗਿਆ। ਸੀ.ਬੀ.ਆਈ. ਦੀ ਛਾਪੇਮਾਰੀ ਤੋਂ ਬਾਅਦ ਸ਼ੈਲਰ ਚਲਾਉਣ ਵਾਲੇ ਕਈ ਵੱਡੇ ਵਪਾਰੀ ਸ਼ਹਿਰ ਵਿੱਚੋਂ ਰੂਪੋਸ਼ ਹੋ ਗਏ ਅਤੇ ਉਨ੍ਹਾਂ ਆਪਣੇ ਮੋਬਾਈਲ ਵੀ ਬੰਦ ਕਰ ਲਏ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸੀ.ਬੀ.ਆਈ. ਨੇ ਇਕ ਵੱਡੇ ਵਪਾਰੀ ਰਾਵਿੰਦਰ ਸਿੰਘ ਖਹਿਰਾ ਨੂੰ ਗ੍ਰਿਫ਼ਤਾਰ ਕੀਤਾ ਸੀ। ਸੀ.ਬੀ.ਆਈ. ਨੇ ਉਸ ਤੋਂ ਪੁੱਛ-ਪੜਤਾਲ ਦੇ ਆਧਾਰ ‘ਤੇ ਐਫ.ਸੀ.ਆਈ. ਦੇ ਡਿਪਟੀ ਜਨਰਲ ਮੈਨੇਜਰ ਰਾਜੀਵ ਮਿਸ਼ਰਾ ਦੇ ਘਰ ਛਾਪਾ ਮਾਰਿਆ ਸੀ। ਸੀ.ਬੀ.ਆਈ. ਨੇ ਉਸ ਨੂੰ 80 ਲੱਖ ਰੁਪਏ ਬਰਾਮਦ ਕਰਕੇ ਗ੍ਰਿਫ਼ਤਾਰ ਕੀਤਾ ਸੀ। ਡੀ.ਜੀ.ਐਮ. ਰਾਜੀਵ ਮਿਸ਼ਰਾ ਦੀ ਪੁੱਛਗਿੱਛ ਤੋਂ ਬਾਅਦ ਹੀ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਸ਼ੈਲੀ ਦਾ ਨਾਮ ਸਾਹਮਣੇ ਆਇਆ ਜਿਸ ਤੋਂ ਬਾਅਦ ਸੀ.ਬੀ.ਆਈ. ਵੱਲੋਂ ਛਾਪਾ ਮਾਰਿਆ ਗਿਆ। ਸੀ.ਬੀ.ਆਈ. ਦੇ ਅਧਿਕਾਰੀਆਂ ਨੇ ਮੀਡੀਆ ਨੂੰ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਸ਼ਹਿਰ ਦੇ ਕਈ ਵਪਾਰੀ ਆਗੂ ਛਾਪੇਮਾਰੀ ਦੀ ਸੂਹ ਲੈਣ ਦੀ ਕੋਸ਼ਿਸ਼ ਕਰ ਰਹੇ ਸਨ। ਬਰਨਾਲਾ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਅਜੈਬ ਸਿੰਘ ਜਵੰਧਾ ਨੇ ਛਾਪੇ ਦੀ ਪੁਸ਼ਟੀ ਕੀਤੀ। ਇਸ ਤੋਂ ਇਲਾਵਾ ਬਠਿੰਡਾ ਦੀ ਦਾਣਾ ਮੰਡੀ ਸਥਿਤ ਕੇਂਦਰੀ ਫੂਡ ਏਜੰਸੀ (ਐੱਫ.ਸੀ.ਆਈ.) ਦੇ ਦਫ਼ਤਰ ‘ਤੇ ਸੀ.ਬੀ.ਆਈ. ਦੀ ਟੀਮ ਵੱਲੋਂ ਛਾਪਾ ਮਾਰਿਆ ਗਿਆ ਹੈ। ਪਰ ਹਾਲੇ ਇਸ ਛਾਪੇ ਸਬੰਧੀ ਕਿਸੇ ਵੀ ਅਧਿਕਾਰੀ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ। ਅੰਦਰੂਨੀ ਸੂਤਰਾਂ ਅਨੁਸਾਰ ਸੀ.ਬੀ.ਆਈ. ਦੀ ਟੀਮ ਲਗਪਗ ਇਕ ਘੰਟੇ ਤੱਕ ਦਫ਼ਤਰ ਦੇ ਰਿਕਾਰਡ ਖੰਗਾਲਦੀ ਰਹੀ ਹੈ। ਇਸ ਰੇਡ ਦੀਆਂ ਤਾਰਾਂ ਵੀ ਰਾਜੀਵ ਮਿਸ਼ਰਾ ਦੀ ਗ੍ਰਿਫ਼ਤਾਰੀ ਨਾਲ ਜੋੜੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਕੁਝ ਵਰ੍ਹੇ ਪਹਿਲਾਂ ਰਜੀਵ ਮਿਸ਼ਰਾ ਇਸ ਦਫ਼ਤਰ ‘ਚ ਡੀ.ਐੱਮ. ਵਜੋਂ ਕੰਮ ਕਰਦੇ ਰਹੇ ਹਨ ਤੇ ਬਠਿੰਡਾ ਖੇਤਰ ‘ਚ ਉਨ੍ਹਾਂ ਲੰਬਾ ਸਮਾਂ ਕੰਮ ਕੀਤਾ ਹੈ।