ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਨਾਲ ਤਾਇਨਾਤ ਸੁਰੱਖਿਆ ਅਮਲੇ ਨੇ ਇਕ ਟਰੱਕ ਡਰਾਈਵਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਟਰੱਕ ਕਥਿਤ ਤੌਰ ‘ਤੇ ਆਗੂ ਦੀ ਕਾਰ ਨਾਲ ਟਕਰਾ ਗਿਆ ਸੀ। ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ‘ਚ ਸੁਰੱਖਿਆ ਕਰਮੀਆਂ ਨੇ ਪਹਿਲਾਂ ਟਰੱਕ ਚਾਲਕ ਨੂੰ ਵਾਹਨ ਦੇ ਕੈਬਿਨ ‘ਚ ਤੇ ਮਗਰੋਂ ਬਾਹਰ ਕੱਢ ਕੇ ਲੋਕਾਂ ਸਾਹਮਣੇ ਕੁੱਟਿਆ। ਇਹ ਘਟਨਾ ਅੰਮ੍ਰਿਤਸਰ-ਜਲੰਧਰ ਕੌਮੀ ਮਾਰਗ ‘ਤੇ ਦਬੁਰਜੀ ਪਿੰਡ ਨੇੜੇ ਵਾਪਰੀ ਜਿੱਥੇ ਸੜਕ ਦੀ ਮੁਰੰਮਤ-ਉਸਾਰੀ ਦਾ ਕੰਮ ਚੱਲ ਰਿਹਾ ਸੀ ਤੇ ਇਕੋ ਪਾਸਿਓਂ ਵਾਹਨ ਆ ਰਹੇ ਸਨ ਤੇ ਜਾ ਰਹੇ ਸਨ। ਮੌਕੇ ਉਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਸ ਕਾਰਨ ਟਰੱਕ ਚਾਲਕ ਲਈ ਸਪੀਕਰ ਦੇ ਵਾਹਨ ਨੂੰ ਸੁਰੱਖਿਅਤ ਰਾਸਤਾ ਦੇਣਾ ਔਖਾ ਸੀ। ਹਾਲਾਂਕਿ ਮਗਰੋਂ ਦਿੱਤੇ ਬਿਆਨ ‘ਚ ਸੰਧਵਾਂ ਨੇ ਮਾਮਲੇ ਦੀ ਆਜ਼ਾਦਾਨਾ ਜਾਂਚ ਵੀ ਮੰਗੀ। ਉਨ੍ਹਾਂ ਕਿਹਾ ਕਿ ਸੁਰੱਖਿਆ ਅਮਲੇ ਦੀ ਟਰੱਕ ਚਾਲਕ ਨਾਲ ਬਹਿਸ ਹੋਈ ਸੀ ਜਿਸ ਦਾ ਅਫ਼ਸੋਸ ਹੈ। ਹਰੇਕ ਵਾਹਨ ਚਾਲਕ ਨੂੰ ਨਿਯਮਾਂ ਦੀ ਪੂਰੀ ਪਾਲਣਾ ਕਰਨੀ ਚਾਹੀਦੀ ਹੈ।