ਬ੍ਰਿਟੇਨ ਦੇ ਸਿਹਤ ਮੰਤਰੀ ਸਾਜਿਦ ਜਾਵਿਦ ਅਤੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਇਹ ਕਹਿੰਦੇ ਹੋਏ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਤੋਂ ਵਿਸ਼ਵਾਸ ਗੁਆ ਦਿੱਤਾ ਹੈ। ਜਾਵਿਦ ਨੇ ਕਿਹਾ ਕਿ ਉਨ੍ਹਾਂ ਨੇ ਘਪਲਿਆਂ ਦੀ ਇਕ ਸੀਰੀਜ਼ ਤੋਂ ਬਾਅਦ ਜਾਨਸਨ ਦੀ ਦੇਸ਼ਹਿੱਤ ’ਚ ਸ਼ਾਸਨ ਕਰਨ ਦੀ ਸਮਰੱਥਾ ’ਤੇ ਵਿਸ਼ਵਾਸ ਨੂੰ ਗੁਆ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਵਿਵੇਕਪੂਰਨ ਤਰੀਕੇ ਨਾਲ ਸ਼ਾਸਨ ਨਹੀਂ ਕਰ ਸਕਦੇ। ਇਸ ਦਰਮਿਆਨ ਸੁਨਕ ਨੇ ਕਿਹਾ, ‘ਜਨਤਾ ਸਹੀ ਤੌਰ ’ਤੇ ਉਮੀਦ ਕਰਦੀ ਹੈ ਕਿ ਸਰਕਾਰ ਸਹੀ ਢੰਗ ਨਾਲ, ਕਾਬਲੀਅਤ ਅਤੇ ਗੰਭੀਰਤਾ ਨਾਲ ਕੰਮ ਕਰੇਗੀ।’ ਮੈਂ ਮੰਨਦਾ ਹਾਂ ਕਿ ਇਹ ਮੇਰੀ ਆਖਰੀ ਮੰਤਰੀ ਅਹੁਦੇ ਦੀ ਨੌਕਰੀ ਹੋ ਸਕਦੀ ਹੈ ਪਰ ਮੇਰਾ ਮੰਨਣਾ ਹਾਂ ਕਿ ਇਨ੍ਹਾਂ ਮਾਪਦੰਡਾਂ ਲਈ ਲਡ਼ਨ ਦੇ ਯੋਗ ਹਾਂ ਅਤੇ ਇਸ ਲਈ ਮੈਂ ਅਸਤੀਫਾ ਦੇ ਰਿਹਾ ਹਾਂ।’ ਉਧਰ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇਨ੍ਹਾਂ ਦੋਹਾਂ ਮੰਤਰੀਆਂ ਦੇ ਅਸਤੀਫੇ ਦੇਣ ਤੋਂ ਬਾਅਦ ਅੱਜ ਨਵੇਂ ਮੰਤਰੀ ਨਿਯੁਕਤ ਕਰ ਦਿੱਤੇ। ਪ੍ਰਧਾਨ ਮੰਤਰੀ ਨੇ ਵਿੱਤ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਰਿਸ਼ੀ ਸੁਨਕ ਦੀ ਥਾਂ ’ਤੇ ਸਿੱਖਿਆ ਮੰਤਰੀ ਨਾਦਿਮ ਜ਼ਾਹਵੀ ਨੂੰ ਨਵਾਂ ਵਿੱਤ ਮੰਤਰੀ ਨਿਯੁਕਤ ਕੀਤਾ ਹੈ। ਇਸੇ ਤਰ੍ਹਾਂ ਯੂ.ਕੇ. ਕੈਬਨਿਟ ਚੀਫ ਆਫ ਸਟਾਫ ਸਟੀਵ ਬਾਰਕਲੇ ਨੂੰ ਸਿਹਤ ਮੰਤਰੀ ਨਿਯੁਕਤ ਕੀਤਾ ਗਿਆ ਹੈ। ਯਾਦ ਰਹੇ ਕਿ ਅਸਤੀਫਾ ਦੇਣ ਵਾਲੇ ਸਾਜਿਦ ਵਾਜਿਦ ਮੂਲ ਰੂਪ ’ਚ ਪਾਕਿਸਤਾਨੀ ਮੂਲ ਦੇ ਹਨ ਜਦਕਿ ਰਿਸ਼ੀ ਸੁਨਕ ਭਾਰਤੀ ਮੂਲ ਦੇ।