ਰੇਤ ਮਾਫੀਆ ਨੂੰ ਨੱਥ ਪਾ ਕੇ ਲੋਕਾਂ ਨੂੰ ਸਸਤੇ ਭਾਅ ਰੇਤ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜਗਰਾਉਂ ਨੇੜਲੇ ਪਿੰਡ ਗੋਰਸੀਆਂ ਖਾਨ ਮੁਹੰਮਦ ਵਿਖੇ ਰੇਤੇ ਦੀ ਸਰਕਾਰੀ ਖੱਡ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਨਾਲ ਹੀ ਸੂਬੇ ਅੰਦਰ 16 ਜਨਤਕ ਖੱਡਾਂ ਦਾ ਆਗਾਜ਼ ਹੋ ਗਿਆ ਹੈ ਜਿੱਥੋਂ ਲੋਕ ਟਰੈਕਟਰ-ਟਰਾਲੀ ਲਿਜਾ ਕੇ 5.50 ਰੁਪਏ ਕਿਊਬਿਕ ਫੁੱਟ ਦੇ ਭਾਅ ਰੇਤ ਭਰ ਸਕਣਗੇ। ਉਨ੍ਹਾਂ ਕਿਹਾ ਕਿ ਮੋਬਾਈਲ ਐਪ ਰਾਹੀਂ ਸਭ ਤੋਂ ਨੇੜਲੀ ਖੱਡ ਬਾਰੇ ਜਾਣਕਾਰੀ ਮਿਲ ਜਾਵੇਗੀ। ਲੋਕਾਂ ਨੂੰ ਟਰੈਕਟਰ-ਟਰਾਲੀ ਦੇ ਨਾਲ ਲੇਬਰ ਲਿਜਾਣੀ ਹੋਵੇਗੀ ਅਤੇ ਲੇਬਰ ਨਾ ਹੋਣ ‘ਤੇ ਖੱਡਾਂ ‘ਤੇ ਵੀ ਲੇਬਰ ਮੁਹੱਈਆ ਹੋਵੇਗੀ। ਰੇਤ ਮਾਮਲੇ ‘ਚ ਅੱਜ ਤੋਂ ਪੰਜਾਬ ਅੰਦਰ ਪੁਰਾਣਾ ਸਿਸਟਮ ਬਹਾਲ ਕਰਨ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮਾਫੀਆ ਤੇ ਸਿਆਸੀ ਆਗੂਆਂ ਦੇ ਇਸ ‘ਚ ਆ ਜਾਣ ਕਰਕੇ ਇਹ ਲੁੱਟ ਦਾ ਵੱਡਾ ਧੰਦਾ ਬਣ ਗਿਆ ਸੀ ਜਿਸ ਦਾ ਅੱਜ ਅੰਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਆਪਣੀ ਇਕ ਹੋਰ ਗਾਰੰਟੀ ਪੂਰੀ ਕਰ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਖੱਡਾਂ ‘ਚ ਟਿੱਪਰਾਂ ਅਤੇ ਜੇਸੀਬੀ ਨੂੰ ਆਗਿਆ ਨਹੀਂ ਹੋਵੇਗੀ। ਸਰਕਾਰ ਦਾ ਕੋਈ ਮੰਤਰੀ, ਵਿਧਾਇਕ, ਨੁਮਾਇੰਦਾ ਜਾਂ ਪਾਰਟੀ ਆਗੂ ਵੀ ਇਸ ਕੰਮ ‘ਚ ਕਿਸੇ ਤਰ੍ਹਾਂ ਦਾ ਦਖ਼ਲ ਨਹੀਂ ਦੇਵੇਗਾ। ਪਿਛਲੇ ਸਮੇਂ ‘ਚ ਰੇਤ ਮਾਫੀਆ ਦੀ ਲੁੱਟ ‘ਚ ਸ਼ਾਮਲ ਲੋਕਾਂ ਖ਼ਿਲਾਫ਼ ਕਾਰਵਾਈ ਬਾਰੇ ਪੁੱਛਣ ‘ਤੇ ਉਨ੍ਹਾਂ ਪੜਤਾਲ ਕਰਵਾਉਣ ਦੀ ਗੱਲ ਆਖੀ। ਇਸ ਸਮੇਂ ਹਲਕਾ ਜਗਰਾਉਂ ਦੇ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਸਮੇਤ ਹੋਰ ਪਾਰਟੀ ਆਗੂ ਅਤੇ ਅਧਿਕਾਰੀ ਮੌਜੂਦ ਸਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ‘ਚ ਰੇਤੇ ਦੀ ਕਾਲਾਬਾਜ਼ਾਰੀ ਦਾ ਯੁੱਗ ਅੱਜ ਸਮਾਪਤ ਹੋ ਗਿਆ ਹੈ। ਇਸੇ ਮਹੀਨੇ ਪੰਜਾਬ ‘ਚ ਰੇਤੇ ਦੀਆਂ ਖੱਡਾਂ ਸ਼ੁਰੂ ਹੋ ਜਾਣਗੀਆਂ ਜਿੱਥੋਂ ਹਰ ਇਕ ਵਿਅਕਤੀ ਨੂੰ ਰੇਤ ਮਿਲੇਗੀ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਤੱਕ 50 ਹੋਰ ਖੱਡਾਂ ਦੀ ਸ਼ੁਰੂਆਤ ਕੀਤੀ ਜਾਵੇਗੀ ਜਿੱਥੋਂ ਸਸਤਾ ਰੇਤਾ ਮੁਹੱਈਆ ਹੋਵੇਗਾ। ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਰਾ ਕੰਮ ਪਾਰਦਰਸ਼ੀ ਢੰਗ ਨਾਲ ਹੋਵੇਗਾ ਅਤੇ ਥਾਂ-ਥਾਂ ਨਿਗਰਾਨੀ ਲਈ ਸੀਸੀਟੀਵੀ ਕੈਮਰੇ ਲਾਏ ਗਏ ਹਨ। ਰੇਤੇ ਦੀਆਂ ਸਰਕਾਰੀ ਜਨਤਕ ਖੱਡਾਂ ‘ਤੇ ਕੋਈ ਗੁੰਡਾ ਪਰਚੀ ਨਹੀਂ ਲੱਗੇਗੀ। ਉਨ੍ਹਾਂ ਦੱਸਿਆ ਕਿ ਅੱਜ ਜਿਸ ਖੱਡ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਇਥੇ 10 ਲੱਖ ਮੀਟਰਿਕ ਟਨ ਰੇਤਾ ਹੈ ਜਦਕਿ ਬਾਕੀ ਸਾਰੀਆਂ 16 ਖੱਡਾਂ ‘ਚ 24 ਲੱਖ ਮੀਟਰਿਕ ਟਨ ਰੇਤਾ ਮੌਜੂਦ ਹੈ। ਇਨ੍ਹਾਂ ਜਨਤਕ ਖੱਡਾਂ ਦੇ ਸ਼ੁਰੂ ਹੋਣ ਨਾਲ ਮਜ਼ਦੂਰਾਂ ਤੇ ਟਰੈਕਰ-ਟਰਾਲੀ ਮਾਲਕਾਂ ਨੂੰ ਵੀ ਰੁਜ਼ਗਾਰ ਮਿਲੇਗਾ।