ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿਖੇ ਜਿਸ ਥਾਂ ਗਾਇਕ ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ ਉਥੇ ਹੁਣ ਗਾਇਕ ਦੀ ਯਾਦਗਾਰ ਬਣਾਈ ਜਾ ਰਹੀ ਹੈ ਅਤੇ ਇਥੇ ਹੀ ਸਿੱਧੂ ਮੂਸੇਵਾਲਾ ਦਾ ਇਕ ਬੁੱਤ ਸਥਾਪਤ ਕੀਤਾ ਗਿਆ ਹੈ। ਇਕ ਪ੍ਰਸ਼ੰਸਕ ਵੱਲੋਂ ਲਿਆਂਦੇ ਇਸ ਬੁੱਤ ਨੂੰ ਲਾਉਣ ਸਮੇਂ ਮਰਹੂਮ ਗਾਇਕ ਦੇ ਮਾਂ ਪਿਉ ਹਾਜ਼ਰ ਸਨ ਜਿਨ੍ਹਾਂ ਕੈਨੇਡਾ ਬੈਠੇ ਗੋਲਡੀ ਬਰਾਡ਼ ਬਾਰੇ ਅਹਿਮ ਟਿੱਪਣੀ ਕਰਨ ਸਮੇਤ ਕੁਝ ਗੱਲਾਂ ਕਹੀਆਂ। ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਅੱਜ ਪਾਪੀ ਲੋਕ ਕਾਨੂੰਨ ਦੀਆਂ ਕਮਜ਼ੋਰੀਆਂ ਦਾ ਫ਼ਾਇਦਾ ਚੁੱਕ ਕੇ ਮਨੁੱਖੀ ਅਧਿਕਾਰਾਂ ਦੀ ਮੰਗ ਕਰਦੇ ਹਨ। ਮੇਰੇ ਬੱਚੇ ਦੇ ਮਨੁੱਖੀ ਅਧਿਕਾਰ ਕਿੱਥੇ ਸਨ। ਕੀ ਉਹ ਘਰ ਤੋਂ ਬਾਹਰ ਇਕੱਲਾ ਨਹੀਂ ਘੁੰਮ ਸਕਦਾ ਸੀ। ਪੁਲੀਸ ਕੁਝ ਲੋਕਾਂ ਨੂੰ ਸੁਰੱਖਿਆ ਦੇ ਸਕਦੀ ਹੈ। ਸਾਨੂੰ ਇਹੋ ਜਿਹਾ ਮਾਹੌਲ ਤਿਆਰ ਕਰਨਾ ਪਵੇਗਾ ਕਿ ਅਸੀਂ ਬੇਖੌਫ਼ ਹੋ ਕੇ ਆਪੋ ਆਪਣੇ ਘਰਾਂ ’ਚ ਸ਼ਾਂਤੀ ਨਾਲ ਜ਼ਿੰਦਗੀ ਬਤੀਤ ਕਰ ਸਕੀਏ। ਜਦ ਇਹ ਪਾਪੀ ਲੋਕ ਪੇਸ਼ੀ ’ਤੇ ਆਉਂਦੇ ਹਨ ਤਾਂ 200 ਬੰਦਾ ਉਨ੍ਹਾਂ ਨਾਲ ਹੁੰਦਾ ਹੈ। ਕੀ ਉਨ੍ਹਾਂ ’ਤੇ ਖ਼ਰਚਾ ਨਹੀਂ ਹੁੰਦਾ। ਸਿੱਧੂ ਦੇ ਪਿਤਾ ਨੇ ਕਿਹਾ ਕਿ ਸਾਡਾ ਪੁੱਤ ਦੋ ਕਰੋਡ਼ ਰੁਪਇਆ ਟੈਕਸ ਭਰਦਾ ਸੀ ਤੇ ਉਸ ਦਾ ਹਸ਼ਰ ਸਾਰਿਆਂ ਦੇ ਸਾਹਮਣੇ ਹੈ। ਸ਼ੁਭਦੀਪ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਸਮਾਜ ਸੇਵਕ ਸੀ ਤੇ ਹੁਣ ਉਸ ਨੂੰ ਬਦਨਾਮ ਕਰਨ ਲਈ ਕੁਝ ਲੋਕ ਮੂੰਹ ਬੰਨ੍ਹ ਕੇ ਇੰਟਰਵਿਊ ਦੇ ਰਹੇ ਹਨ। ਬਲਕੌਰ ਸਿੰਘ ਨੇ ਕਿਹਾ ਕਿ ਜਿਹਡ਼ਾ ਸਾਫ਼ ਤੌਰ ’ਤੇ ਕਹਿ ਰਿਹਾ ਹੈ ਕਿ ਮੈਂ ਸਿੱਧੂ ਨੂੰ ਮਾਰਿਆ ਹੈ। ਉਸ ਬੰਦੇ ਨੂੰ ਸੁਰੱਖਿਆ ਕਿਉਂ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਹ ਸਾਰਿਆਂ ਤੱਕ ਗੱਲ ਪਹੁੰਚਾਉਣੀ ਚਾਹੁੰਦੇ ਹਨ ਕਿ ਜਿਸ ਤਰ੍ਹਾਂ ਮੇਰੇ ਪੁੱਤ ਨੂੰ ਸਡ਼ਕ ’ਤੇ ਜਾਂਦੇ ਗੋਲੀਆਂ ਮਾਰ ਕੇ ਮਾਰਿਆ ਗਿਆ ਹੈ, ਅਸੀਂ ਵੀ ਚਾਹੁੰਦੇ ਹਾਂ ਕਿ ਉਹ ਪਾਪੀ ਅਦਾਲਤਾਂ ’ਚ ਜਾਣ ’ਤੇ ਉਨ੍ਹਾਂ ਨੂੰ ਕੋਈ ਵੀ ਸੁਰੱਖਿਆ ਨਾ ਦਿੱਤੀ ਜਾਵੇ ਤੇ ਘੱਟੋ ਘੱਟ ਅਸੀਂ ਸਿੱਧੇ ਹੋ ਕੇ ਦੇਖ ਤਾਂ ਲਈਏ। ਉਨ੍ਹਾਂ ਕਿਹਾ ਕਿ ਟੀ.ਵੀ. ਇੰਟਰਵਿਊ ਜ਼ਰੀਏ ਜਿਹਡ਼ੇ ਦੋਸ਼ ਲਗਾ ਰਹੇ ਹਨ ਉਹ ਝੂਠੇ ਤੇ ਬੇਬੁਨਿਆਦ ਹਨ। ਮੇਰੇ ਪੁੱਤ ਤੇ ਪਰਿਵਾਰ ਨੇ ਕਦੇ ਕਿਸੇ ਦਾ ਮਾਡ਼ਾ ਨਹੀਂ ਕੀਤਾ। ਮੇਰਾ ਪੁੱਤ ਬੇਦੋਸ਼ਾ ਤੇ ਕੋਰਾ ਕਾਗਜ਼ ਸੀ ਜਿਸ ’ਤੇ ਪਾਪੀਆਂ ਨੇ ਗੋਲੀਆਂ ਚਲਾਈਆਂ ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਹ ਮਾਰ ਕਿਸ ਨੂੰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡਾ ਇਨਸਾਫ਼ ਸ਼ੂਟਰਾਂ ਨੂੰ ਮਾਰਨ ਜਾਂ ਫਡ਼ਨ ਤਕ ਸੀਮਤ ਨਹੀਂ ਹੈ, ਜਦੋਂ ਤਕ ਸਰਕਾਰਾਂ ਦੇਸ਼ਾਂ ਵਿਦੇਸ਼ਾਂ ’ਚ ਬੈਠੇ ਇਨ੍ਹਾਂ ਦੇ ਆਕਾਵਾਂ ਦਾ ਕੋਈ ਹੱਲ ਨਹੀਂ ਕਰਦੀਆਂ ਉਦੋਂ ਤਕ ਇਨਸਾਫ਼ ਅਧੂਰਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਪ੍ਰਸ਼ਾਸਨ ਤਫ਼ਤੀਸ਼ ’ਚ ਲੱਗਿਆ ਵੀ ਹੋਇਆ ਹੈ। ਉਮੀਦ ਕਰ ਸਕਦੇ ਹਾਂ ਕਿ ਕੁਝ ਚੰਗਾ ਸੁਣਨ ਨੂੰ ਮਿਲੇਗਾ। ਇਸ ਸਮੇਂ ਵੱਡੀ ਗਿਣਤੀ ’ਚ ਮੂਸਾ ਪਿੰਡ ਪੰਜਾਬ, ਹਰਿਆਣਾ, ਰਾਜਸਥਾਨ ਤੇ ਹੋਰ ਰਾਜਾਂ ’ਚੋਂ ਲੋਕ ਪੁੱਜੇ ਸਨ ਜਿਨ੍ਹਾਂ ਨੇ ਪਿਤਾ ਬਲਕੌਰ ਸਿੱਧੂ ਤੇ ਮਾਤਾ ਚਰਨ ਕੌਰ ਨਾਲ ਹਮਦਰਦੀ ਜ਼ਾਹਿਰ ਕੀਤੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੂਸੇਵਾਲਾ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਕੇ ਸਖ਼ਤ ਸਜ਼ਾਵਾਂ ਦਿਵਾਈਆਂ ਜਾਣ ਅਤੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ।