ਸਸਕੈਚਵਨ ‘ਚ ਐਤਵਾਰ ਰਾਤ ਨੂੰ ਚਾਕੂ ਨਾਲ ਕਈ ਲੋਕਾਂ ‘ਤੇ ਹਮਲਾ ਕਰਕੇ 10 ਜਣਿਆਂ ਨੂੰ ਮਾਰਨ ਅਤੇ 18 ਹੋਰਨਾਂ ਨੂੰ ਜ਼ਖਮੀ ਕਰਨ ਦੇ ਮਾਮਲੇ ‘ਚ ਸ਼ੱਕੀਆਂ ਦੀ ਪਛਾਣ ਡੈਮੀਅਨ ਸੈਂਡਰਸਨ ਅਤੇ ਮਾਈਲਸ ਸੈਂਡਰਸਨ ਵਜੋਂ ਹੋਈ ਕੀਤੀ ਗਈ ਸੀ। ਪੁਲੀਸ ਨੇ ਮੀਡੀਆ ਨੂੰ ਇਨ੍ਹਾਂ ਹਮਲਾਵਰ ਦੀ ਪਛਾਣ ਜਨਤਕ ਕਰਦਿਆਂ ਤਸਵੀਰਾਂ ਵੀ ਜਾਰੀ ਕੀਤੀਆਂ ਸਨ। ਪੁਲੀਸ ਨੇ ਦੱਸਿਆ ਕਿ ਇਨ੍ਹਾਂ ‘ਚੋਂ ਇਕ ਸ਼ੱਕੀ ਦੀ ਮੌਤ ਹੋ ਗਈ ਹੈ ਅਤੇ ਦੂਜੇ ਦੀ ਭਾਲ ਜਾਰੀ ਹੈ। ਸਸਕੈਚਵਨ ਸੂਬੇ ਦੀ ਰਾਜਧਾਨੀ ਰੇਜੀਨਾ ‘ਚ ਪੁਲਿਸ ਮੁਖੀ ਇਵਾਨ ਬ੍ਰੇ ਨੇ ਦੱਸਿਆ ਕਿ 31 ਸਾਲਾ ਡੈਮਿਅਨ ਸੈਂਡਰਸਨ ਘਟਨਾ ਸਥਾਨ ਦੇ ਨੇੜੇ ਮ੍ਰਿਤਕ ਪਾਇਆ ਗਿਆ ਹੈ। ਪੁਲੀਸ ਦਾ ਮੰਨਣਾ ਹੈ ਕਿ ਉਸ ਦੇ ਭਰਾ 30 ਸਾਲਾ ਮਾਈਲਸ ਸੈਂਡਰਸਨ ਨੂੰ ਵੀ ਹਮਲੇ ਦੌਰਾਨ ਗੰਭੀਰ ਸੱਟਾਂ ਲੱਗੀਆਂ ਹੋ ਸਕਦੀਆਂ ਹਨ। ਉਹ ਫਿਲਹਾਲ ਫਰਾਰ ਹੈ ਅਤੇ ਉਸ ਦੇ ਰੇਜੀਨਾ ‘ਚ ਮੌਜੂਦ ਹੋਣ ਦੀ ਉਮੀਦ ਹੈ। ਇਹ ਪਹਿਲੀ ਵਾਰ ਹੈ ਜਦੋਂ ਪੁਲਿਸ ਨੇ ਇਨ੍ਹਾਂ ਦੀ ਪਛਾਣ ਦੋ ਭਰਾਵਾਂ ਵਜੋਂ ਕੀਤੀ ਹੈ। ਰਾਇਲ ਕੈਨੇਡੀਅਨ ਮਾਊਂਟੇਨ ਪੁਲੀਸ (ਆਰ.ਸੀ.ਐਮ.ਪੀ.) ਦੀ ਅਸਿਸਟੈਂਟ ਕਮਿਸ਼ਨਰ ਰੋਂਡਾ ਬਲੈਕਮੋਰ ਨੇ ਦੱਸਿਆ ਕਿ ਉਸ ਦੀ ਲਾਸ਼ ਇਕ ਘਰ ਨੇੜੇ ਝਾੜੀਆਂ ਵਿੱਚੋਂ ਮਿਲੀ। ਫਿਲਹਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਮੇਂ ਉਸ ਦੇ ਸਰੀਰ ‘ਤੇ ਮਿਲੇ ਜ਼ਖਮਾਂ ਦੇ ਨਿਸ਼ਾਨਾਂ ਨੂੰ ਦੇਖਦਿਆਂ ਅਜਿਹਾ ਨਹੀਂ ਲੱਗਦਾ ਹੈ ਕਿ ਉਸ ਨੇ ਆਪਣੇ ਆਪ ਨੂੰ ਸੱਟ ਮਾਰੀ ਹੋਵੇਗੀ। ਪੁਲੀਸ ਨੇ ਦੱਸਿਆ ਕਿ ਮੌਤ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਬਲੈਕਮੋਰ ਨੇ ਕਿਹਾ ਕਿ ਪੁਲੀਸ ਇਸ ਸੰਭਾਵਨਾ ਦੀ ਵੀ ਜਾਂਚ ਕਰ ਰਹੀ ਹੈ ਕਿ ਮਾਈਲਸ ਨੇ ਉਸਦੇ ਭਰਾ ਨੂੰ ਮਾਰਿਆ ਹੋ ਸਕਦਾ ਹੈ। ਹਾਲਾਂਕਿ ਫਿਲਹਾਲ ਪੱਕੇ ਤੌਰ ‘ਤੇ ਕੁਝ ਨਹੀਂ ਕਿਹਾ ਜਾ ਸਕਦਾ।