ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਐੱਸ.ਐੱਸ.ਪੀ. ਨੇ ਮਾਣਹਾਨੀ ਕੇਸ ਕਰਨ ਦਾ ਐਲਾਨ ਕੀਤਾ। ਇਸ ਸਬੰਧੀ ਇਕ ਸ਼ਿਕਾਇਤ ਪੁਲੀਸ ਕਮਿਸ਼ਨਰ ਲੁਧਿਆਣਾ ਨੂੰ ਵੀ ਕੀਤੀ ਗਈ ਹੈ ਜਿਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦਾਣਾ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ‘ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਉਸ ਦੇ ਨਜ਼ਦੀਕੀ ਸਾਥੀ ਕੌਂਸਲਰ ਸਨੀ ਭੱਲਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਸਰਕਾਰ ਅਤੇ ਵਿਜੀਲੈਂਸ ਖ਼ਿਲਾਫ਼ ਬੋਲਣ ਵਾਲੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੀਆਂ ਮੁਸ਼ਕਲਾਂ ਹੁਣ ਵਧ ਸਕਦੀਆਂ ਹਨ। ਵਿਜੀਲੈਂਸ ਨੇ ਬਿੱਟੂ ਦੇ ਧਮਕੀ ਭਰੇ ਬੋਲਾਂ ਖ਼ਿਲਾਫ਼ ਹੁਣ ਮਾਣਹਾਨੀ ਦਾ ਕੇਸ ਦਰਜ ਕਰਨ ਦੀ ਤਿਆਰੀ ਕਰ ਲਈ ਹੈ। ਬਿੱਟੂ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਵਿਜੀਲੈਂਸ ਦੀ ਕਾਰਵਾਈ ‘ਤੇ ਸਵਾਲ ਖੜ੍ਹੇ ਕੀਤੇ ਸਨ। ਉਨ੍ਹਾਂ ਨੇ ਵਿਜੀਲੈਂਸ ਨੂੰ ਸੈਟਿੰਗ ਦੀ ਦੁਕਾਨ ਤੱਕ ਆਖ ਦਿੱਤਾ ਸੀ। ਲੋਕ ਸਭਾ ਮੈਂਬਰ ਬਿੱਟੂ ਖ਼ਿਲਾਫ਼ ਤਿਆਰੀ ਲਈ ਡੀ.ਏ. ਲੀਗਲ ਦੀ ਸਲਾਹ ਲਈ ਜਾ ਰਹੀ ਹੈ। ਇਸ ਗੱਲ ਦੀ ਪੁਸ਼ਟੀ ਵਿਜੀਲੈਂਸ ਦੇ ਐੱਸ.ਐੱਸ.ਪੀ. ਰਵਿੰਦਰਪਾਲ ਸਿੰਘ ਸੰਧੂ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਨੇ ਆਪਣੀ ਕਾਰਵਾਈ ਤੱਥਾਂ ਦੇ ਆਧਾਰ ‘ਤੇ ਕੀਤੀ ਹੈ ਤੇ ਇਸ ‘ਚ ਕੋਈ ਵੀ ਗਲਤ ਕੰਮ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਵਿਜੀਲੈਂਸ ਵੱਲੋਂ ਲੋਕ ਸਭਾ ਮੈਂਬਰ ਬਿੱਟੂ ‘ਤੇ ਮਾਣਹਾਨੀ ਦਾ ਕੇਸ ਦਰਜ ਕਰਵਾ ਕੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਫੇਸਬੁੱਕ ‘ਤੇ ਲਾਈਵ ਹੋ ਕੇ ਵਿਜੀਲੈਂਸ ਦੀ ਕਾਰਵਾਈ ‘ਤੇ ਸਵਾਲ ਖੜ੍ਹੇ ਕਰ ਕੇ ਜਾਣਬੁੱਝ ਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।