ਹਿੰਦੂਤਵ ਵਿਚਾਰਧਾਰਕ ਵਿਨਾਇਕ ਦਾਮੋਦਰ ਸਾਵਰਕਰ ਦੀ ਅੰਗਰੇਜ਼ਾਂ ਨੂੰ ਲਿਖੀ ਵਾਲੀ ਮੁਆਫ਼ੀ ਵਾਲੀ ਚਿੱਠੀ ਪੇਸ਼ ਕਰਕੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਚਰਚਾ ਛੇੜ ਦਿੱਤੀ ਹੈ। ਇਸ ਤੋਂ ਹਾਕਮ ਧਿਰ ਭਾਜਪਾ ਨੂੰ ਕਾਫੀ ਤਕਲੀਫ ਹੋਈ ਹੈ। ਰਾਹੁਲ ਗਾਂਧੀ ਨੇ ਮੀਡੀਆ ਨੂੰ ਇਕ ਚਿੱਠੀ ਦਿਖਾਉਂਦੇ ਹੋਏ ਕਿਹਾ ਕਿ ਸਵਰਕਰ ਨੇ ਤਤਕਾਲੀ ਸ਼ਾਸਕਾਂ ਨੂੰ ਮੁਆਫ਼ੀ ਦੀ ਅਰਜ਼ੀ ਲਿਖੀ ਸੀ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਮੀਡੀਆ ਕਰਮੀਆਂ ਨੂੰ ਇਕ ਕਾਗਜ਼ ਦਿਖਾਇਆ ਅਤੇ ਦਾਅਵਾ ਕੀਤਾ ਕਿ ਇਹ ਸਾਵਰਕਰ ਵੱਲੋਂ ਅੰਗਰੇਜ਼ਾਂ ਨੂੰ ਲਿਖੀ ਗਈ ਅਰਜ਼ੀ ਹੈ। ਭਾਰਤ ਜੋੜੋ ਯਾਤਰਾ ਦੇ ਮਹਾਰਾਸ਼ਟਰ ‘ਚ ਆਖਰੀ ਪੜਾਅ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਅਰਜ਼ੀ ਦੀ ਆਖਰੀ ਲਾਈਨ ਪੜ੍ਹ ਕੇ ਸੁਣਾਈ ਜਿਸ ‘ਚ ਕਿਹਾ ਗਿਆ ‘ਮੈਂ ਹਮੇਸ਼ਾ ਤੁਹਾਡਾ ਆਗਿਆਕਾਰੀ ਸੇਵਕ ਬਣ ਕੇ ਰਹਾਂਗਾ।’ ਉਨ੍ਹਾਂ ਕਿਹਾ ਕਿ ਅਰਜ਼ੀ ਦੇ ਅਖੀਰ ‘ਚ ਸਾਵਰਕਰ ਦੇ ਦਸਤਖ਼ਤ ਹਨ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਦਾਅਵਾ ਕੀਤਾ ਕਿ ਸਾਵਰਕਰ ਬਾਰੇ ਰਾਹੁਲ ਗਾਂਧੀ ‘ਬੇਸ਼ਰਮੀ ਨਾਲ ਝੂਠ’ ਬੋਲ ਰਹੇ ਹਨ। ਰਾਹੁਲ ਨੇ ਕਿਹਾ ਕਿ ਉਨ੍ਹਾਂ ਦੇ ਵਿਚਾਰ ਮੁਤਾਬਕ ਸਾਵਰਕਰ ਨੇ ਡਰ ਕੇ ਅੰਗਰੇਜ਼ਾਂ ਨੂੰ ਅਰਜ਼ੀ ਲਿਖੀ ਸੀ ਅਤੇ ਇੰਜ ਕਰਦਿਆਂ ਉਨ੍ਹਾਂ ਮਹਾਤਮਾ ਗਾਂਧੀ, ਸਰਦਾਰ ਪਟੇਲ, ਪੰਡਿਤ ਨਹਿਰੂ ਅਤੇ ਆਜ਼ਾਦੀ ਸੰਘਰਸ਼ ਦੇ ਹੋਰ ਆਗੂਆਂ ਨੂੰ ਧੋਖਾ ਦਿੱਤਾ ਸੀ। ਕਾਂਗਰਸ ਦੇ ਸੰਸਦ ਮੈਂਬਰ ਨੇ ਕਿਹਾ ਕਿ ਭਾਜਪਾ ਦੇਸ਼ ‘ਚ ਨਫ਼ਰਤ, ਡਰ ਅਤੇ ਹਿੰਸਾ ਦਾ ਮਾਹੌਲ ਬਣਾ ਰਹੀ ਹੈ। ਭਾਜਪਾ ਦੇ ਟਾਕਰੇ ‘ਚ ਵਿਰੋਧੀ ਧਿਰਾਂ ਦੇ ਨਾਕਾਮ ਰਹਿਣ ਬਾਰੇ ਬਣੀ ਧਾਰਨਾ ‘ਤੇ ਰਾਹੁਲ ਨੇ ਕਿਹਾ ਕਿ ਇਹ ਕਾਲਪਨਿਕ ਖ਼ਿਆਲ ਹਨ ਕਿਉਂਕਿ ਵਿਰੋਧੀ ਧਿਰ ਦਾ ਅਦਾਰਿਆਂ, ਮੀਡੀਆ ਅਤੇ ਨਿਆਂਪਾਲਿਕਾ ‘ਤੇ ਕੋਈ ਕੰਟਰੋਲ ਨਹੀਂ ਹੈ। ‘ਆਪਣੇ ਵਿਰੋਧੀਆਂ ਨਾਲ ਦਿਆਲਤਾ ਅਤੇ ਪਿਆਰ ਦਿਖਾਉਣਾ ਭਾਰਤੀ ਕਦਰਾਂ-ਕੀਮਤਾਂ ਹਨ ਅਤੇ ਯਾਤਰਾ ਇਹੋ ਕੰਮ ਕਰ ਰਹੀ ਹੈ।’ ਚੋਣਾਂ ਤੋਂ ਪਹਿਲਾਂ ਵਿਰੋਧੀ ਆਗੂਆਂ ਦੇ ਭਾਜਪਾ ‘ਚ ਸ਼ਾਮਲ ਹੋਣ ਦੇ ਸਵਾਲ ‘ਤੇ ਰਾਹੁਲ ਨੇ ਕਿਹਾ ਕਿ ਇਸ ਨਾਲ ਵਿਰੋਧੀ ਪਾਰਟੀਆਂ ਦੀ ਸਫ਼ਾਈ ਹੋਵੇਗੀ। ‘ਜਿਹੜੇ ਪੈਸਿਆਂ ਖ਼ਾਤਰ ਵਿਕ ਸਕਦੇ ਹਨ, ਉਹ ਭਾਜਪਾ ‘ਚ ਸ਼ਾਮਲ ਹੋ ਰਹੇ ਹਨ। ਕਈ ਸਾਫ਼-ਸੁਥਰੇ ਲੋਕ ਹਨ ਅਤੇ ਉਹ ਕਾਂਗਰਸ ‘ਚ ਆਉਣਗੇ।’ ਸਾਲ 2024 ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ‘ਚ ਕਾਂਗਰਸ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਹੋਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ‘ਚ ਰਾਹੁਲ ਨੇ ਕਿਹਾ ਕਿ ਇਹ ਯਾਤਰਾ ਤੋਂ ਧਿਆਨ ਵੰਡਾਉਣ ਵਾਲੇ ਸਵਾਲ ਹਨ। ਉਨ੍ਹਾਂ ਕਿਹਾ ਕਿ ਯਾਤਰਾ ਦੀ ਤੁਲਨਾ ਮਹਾਤਮਾ ਗਾਂਧੀ ਦੇ ਮਾਰਚਾਂ ਨਾਲ ਕਰਨਾ ਗਲਤ ਹੈ।