ਅਮਰੀਕਾ ਦਾ ਇਕ ਹੋਰ ਵੱਡਾ ਬੈਂਕ ਦਿਵਾਲੀਆ ਹੋ ਗਿਆ ਹੈ ਜਿਸ ਨਾਲ ਉਥੇ ਵੱਡਾ ਬੈਂਕਿੰਗ ਸੰਕਟ ਆਇਆ ਹੈ। ਅਮਰੀਕਨ ਰੈਗੂਲੇਟਰਸ ਨੇ ਦੇਸ਼ ਦੇ ਵੱਡੇ ਬੈਂਕਾਂ ‘ਚ ਸ਼ਾਮਲ ਸਿਲੀਕਾਨ ਵੈਲੀ ਬੈਂਕ (ਐੱਸ.ਵੀ.ਬੀ.) ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ। ਬੈਂਕ ਦੇ ਵਿੱਤੀ ਹਾਲਾਤ ਨੂੰ ਦੇਖਦੇ ਹੋਏ ਕੈਲੀਫੋਰਨੀਆ ਦੇ ਡਿਪਾਰਟਮੈਂਟ ਆਫ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਐਂਡ ਇਨੋਵੇਸ਼ਨ ਵਲੋਂ ਇਹ ਹੁਕਮ ਜਾਰੀ ਕੀਤਾ ਗਿਆ ਹੈ। ਸਿਲੀਕਾਨ ਵੈਲੀ ਬੈਂਕ ਅਮਰੀਕਾ ਦਾ 16ਵਾਂ ਸਭ ਤੋਂ ਵੱਡਾ ਬੈਂਕ ਹੈ। ਬੈਂਕ ਕੋਲ 210 ਅਰਬ ਡਾਲਰ ਦੀ ਜਾਇਦਾਦ ਹੈ ਪਰ ਪਿਛਲੇ ਕੁਝ ਸਮੇਂ ‘ਚ ਬੈਂਕ ਦੀ ਵਿੱਤੀ ਹਾਲਤ ਅਜਿਹੀ ਹੋ ਗਈ ਹੈ ਕਿ ਰੈਗੂਲੇਟਰਸ ਨੂੰ ਇਸ ਨੂੰ ਬੰਦ ਕਰਨ ਦਾ ਹੁਕਮ ਦੇਣਾ ਪੈਂਦਾ ਹੈ। ਅਮਰੀਕਾ ਦੇ ਬੈਂਕ ‘ਤੇ ਲੱਗਾ ਤਾਲਾ ਸਿਰਫ਼ ਅਮਰੀਕਾ ਨੂੰ ਪ੍ਰਭਾਵਿਤ ਨਹੀਂ ਕਰੇਗਾ ਸਗੋਂ ਦੁਨੀਆ ਭਰ ਦੇ ਦੇਸ਼ ਇਸ ਦੀ ਲਪੇਟ ‘ਚ ਆਉਣ ਵਾਲੇ ਹਨ। ਇੰਡੀਆ ਵੀ ਇਸ ਤੋਂ ਅਛੂਤਾ ਨਹੀਂ ਹੈ। ਇਸ ਦੀ ਝਲਕ ਸ਼ੇਅਰ ਬਾਜ਼ਾਰ ‘ਤੇ ਦੇਖਣ ਨੂੰ ਮਿਲ ਗਈ। ਭਾਰਤੀ ਨਿਵੇਸ਼ਕਾਂ ਦੀਆਂ ਵੀ ਚਿੰਤਾਵਾਂ ਵਧ ਗਈਆਂ ਹਨ। ਅਮਰੀਕਨ ਬੈਂਕ ਸਿਲੀਕਾਨ ਵੈਲੀ ਬੈਂਕ ਦੀ ਮੂਲ ਕੰਪਨੀ ਐੱਸ.ਵੀ.ਬੀ. ਫਾਈਨਾਂਸ਼ੀਅਲ ਗਰੁੱਪ ਦੇ ਸ਼ੇਅਰਾਂ ‘ਚ 70 ਫੀਸਦੀ ਤੱਕ ਦੀ ਗਿਰਾਵਟ ਆ ਗਈ। ਅਮਰੀਕਾ ‘ਚ ਸ਼ੁਰੂ ਹੋਏ ਇਸ ਬੈਂਕਿੰਗ ਸੰਕਟ ਦਾ ਅਸਰ ਸਿਰਫ ਅਮਰੀਕਾ ਤੱਕ ਸੀਮਤ ਨਹੀਂ ਹੈ। ਭਾਰਤੀ ਨਿਵੇਸ਼ਕਾਂ ਅਤੇ ਭਾਰਤੀ ਸਟਾਰਟਅਪ ਦੀ ਚਿੰਤਾ ਵੀ ਵਧਣ ਲੱਗੀ ਹੈ। ਸਿਲੀਕਾਨ ਵੈਲੀ ਬੈਂਕਿੰਗ ਸੰਕਟ ਦਾ ਅਸਰ ਭਾਰਤੀ ਸਟਾਰਟਅਪਸ ‘ਤੇ ਦਿਖਾਈ ਦੇਵੇਗਾ। ਇਸ ਬੈਂਕ ਨੇ ਇੰਡੀਆ ‘ਚ 20 ਸਟਾਰਟਅਪ ‘ਚ ਨਿਵੇਸ਼ ਕੀਤਾ ਹੈ। ਸਟਾਰਟਅਪ ਰਿਸਰਚ ਐਡਵਾਇਜ਼ਰੀ ਟ੍ਰੈਕਸਨ ਮੁਤਾਬਕ ਸਾਲ 2003 ‘ਚ ਇੰਡੀਆ ਸਟਾਰਟਅਪ ‘ਚ ਨਿਵੇਸ਼ ਕੀਤਾ ਸੀ। ਹਾਲਾਂਕਿ ਇਨ੍ਹਾਂ ‘ਚ ਨਿਵੇਸ਼ ਕੀਤੀ ਗਈ ਰਾਸ਼ੀ ਦੀ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਪਿਛਲੇ ਸਾਲ ਅਕਤੂਬਰ ‘ਚ ਇੰਡੀਆ ਦੀਆਂ ਸਟਾਰਟਅਪ ਕੰਪਨੀਆਂ ਨੇ ਸਿਲੀਕਾਨ ਵੈਲੀ ਬੈਂਕ ਤੋਂ ਕਰੀਬ 150 ਮਿਲੀਅਨ ਡਾਲਰ ਦੀ ਪੂੰਜੀ ਜੁਟਾਈ ਸੀ।