‘ਲਾਲ ਸਿੰਘ ਚੱਢਾ’ ਨਾਂ ਦੀ ਨਵੀਂ ਫ਼ਿਲਮ ਲੈ ਕੇ ਆ ਰਹੇ ਅਤੇ ਇਸ ‘ਚ ਸਿੱਖ ਦਾ ਕਿਰਦਾਰ ਨਿਭਾਉਅ ਵਾਲੇ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਫ਼ਿਲਮ ਰਿਲੀਜ਼ ਹੋਣ ਤੋਂ ਇਕ ਦਿਨ ਪਹਿਲਾਂ ਬੁੱਧਵਾਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਆਮਿਰ ਖ਼ਾਨ ਨੇ ਆਪਣੀ ਫ਼ਿਲਮ ਦੀ ਸਫਲਤਾ ਲਈ ਅਰਦਾਸ ਵੀ ਕਰਵਾਈ। ਆਮਿਰ ਖ਼ਾਨ ਨੇ ਆਪਣੇ ਇਸ ਦੌਰੇ ਨੂੰ ਪੂਰੀ ਤਰ੍ਹਾਂ ਨਾਲ ਗੁਪਤ ਰੱਖਿਆ ਤੇ ਕਿਸੇ ਨੂੰ ਵੀ ਇਸ ਦੀ ਖ਼ਬਰ ਨਹੀਂ ਲੱਗਣ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਅਦਾਕਾਰਾ ਮੋਨਾ ਸਿੰਘ ਤੇ ਕਈ ਕਰਿਊ ਮੈਂਬਰ ਵੀ ਮੌਜੂਦ ਰਹੇ। ਆਮਿਰ ਖ਼ਾਨ ਨੂੰ ਦੇਖ ਕੇ ਪ੍ਰਸ਼ੰਸਕਾਂ ਦੀ ਭੀੜ ਇਕੱਠੀ ਹੋ ਗਈ ਤੇ ਲੋਕਾਂ ਨੇ ਉਨ੍ਹਾਂ ਨਾਲ ਤਸਵੀਰਾਂ ਵੀ ਖਿੱਚਵਾਈਆਂ। ਕੁਝ ਦਿਨ ਪਹਿਲਾਂ ਆਮਿਰ ਖ਼ਾਨ ਜਲੰਧਰ ਪਹੁੰਚੇ ਸਨ। ਜਲੰਧਰ ਵਿਖੇ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਿਸਰਚ ਕਮੇਟੀ ਤੇ ਸਿੱਖ ਜਥੇਬੰਦੀਆਂ ਦੇ ਮੈਂਬਰਾਂ ਨੂੰ ਇਕੱਠਿਆਂ ਕਰਕੇ ਫ਼ਿਲਮ ਦਿਖਾਈ ਸੀ। ਫ਼ਿਲਮ ਦੇਖਣ ਤੋਂ ਬਾਅਦ ਕਮੇਟੀ ਤੇ ਮੈਂਬਰਾਂ ਨੇ ਫ਼ਿਲਮ ਦੀ ਰਿਲੀਜ਼ ਨੂੰ ਹਰੀ ਝੰਡੀ ਦਿੱਤੀ ਸੀ। ਇਸ ਫ਼ਿਲਮ ਦਾ ਦੇਸ਼ ਭਰ ‘ਚ ਬਾਈਕਾਟ ਦਾ ਰੌਲਾ ਪੈ ਰਿਹਾ ਹੈ ਪਰ ਲੋਕਾਂ ‘ਚ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹ ਹੈ ਤੇ ਲੋਕ ਬੇਸਬਰੀ ਨਾਲ ਫ਼ਿਲਮ ਉਡੀਕ ਰਹੇ ਹਨ। ਇਸੇ ਦੌਰਾਨ ਆਮਿਰ ਖਾਨ ਨੇ ਆਖਿਆ ਕਿ ਫ਼ਿਲਮ ‘ਲਾਲ ਸਿੰਘ ਚੱਢਾ’ ਬਣਾਉਣ ‘ਚ ਉਨ੍ਹਾਂ ਨੂੰ 14 ਸਾਲ ਲੱਗ ਗਏ। ਇਹ ਫ਼ਿਲਮ ਟੌਮ ਹੈਂਕਸ ਦੀ ਬਿਹਤਰੀਨ ਫ਼ਿਲਮ ‘ਫੌਰੈਸਟ ਗੰਪ’ ਦਾ ਹਿੰਦੀ ਰੂਪਾਂਤਰਨ ਹੈ। ਆਮਿਰ ਨੇ ਆਖਿਆ, ‘ਬਹੁਤ ਸਮਾਂ ਲੱਗ ਗਿਆ। ਕੁੱਲ 14 ਸਾਲ ਲੱਗੇ ਪਰ 8-9 ਸਾਲ ਤਾਂ ਫ਼ਿਲਮ ਬਣਾਉਣ ਦੇ ਅਧਿਕਾਰ ਖ਼ਰੀਦਣ ‘ਚ ਲੱਗ ਗਏ। ਇਸ ਲਈ ਮੈਂ ਕਾਫ਼ੀ ਖੁਸ਼ ਹਾਂ ਪਰ ਨਾਲ ਹੀ ਥੋੜ੍ਹਾ ਬੇਚੈਨ ਵੀ ਹਾਂ ਕਿਉਂਕਿ ਸਾਨੂੰ ਪਤਾ ਹੈ ਕਿ ਅਸੀਂ ਚੰਗੀ ਫ਼ਿਲਮ ਬਣਾਈ ਹੈ, ਇਸ ਨਾਲ ਘਬਰਾਹਟ ਥੋੜ੍ਹੀ ਵੱਧ ਗਈ ਹੈ ਕਿ ਪਤਾ ਨਹੀਂ ਲੋਕ ਪਸੰਦ ਕਰਨਗੇ ਜਾਂ ਨਹੀਂ।’ ਦੱਸਣਯੋਗ ਹੈ ਕਿ ਆਮਿਰ ਨੇ ਇਸ ਫ਼ਿਲਮ ਦੀ ਸ਼ੂਟਿੰਗ ਅਣਗਿਣਤ ਥਾਵਾਂ ‘ਤੇ ਕੀਤੀ ਹੈ। ਫ਼ਿਲਮ ਦੀ ਕਹਾਣੀ ‘ਚ ਇੰਡੀਆ ਨੂੰ ਬਹੁਤ ਹੀ ਖ਼ੂਬਸੂਤਰ ਤਰੀਕੇ ਨਾਲ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਇਹ ਫ਼ਿਲਮ ਲਾਲ ਦੇ ਕਿਰਦਾਰ ਦੀ ਕਹਾਣੀ ਨੂੰ ਉਸ ਦੀ ਉਮਰ ਦੇ 18ਵੇਂ ਵਰ੍ਹੇ ਤੋਂ ਲੈ ਕੇ 50 ਸਾਲ ਤੱਕ ਦਿਖਾਏਗੀ।