ਅੰਮ੍ਰਿਤਸਰ ‘ਚ ਇਕ ਧਰਨੇ ਪ੍ਰਦਰਸ਼ਨ ਦੌਰਾਨ ਗੋਲੀਆਂ ਮਾਰ ਕੇ ਬੀਤੇ ਕੱਲ੍ਹ ਕਤਲ ਕੀਤੇ ਗਏ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਮਾਮਲੇ ‘ਚ ਕੌਮੀ ਜਾਂਚ ਏਜੰਸੀ ਐੱਨ.ਆਈ.ਏ. ਵੱਲੋਂ ਆਪਣੇ ਹੱਥ ‘ਚ ਲੈ ਲਈ ਹੈ ਅਤੇ ਏਜੰਸੀ ਦੀ ਇਕ ਟੀਮ ਨੇ ਅੰਮ੍ਰਿਤਸਰ ‘ਚ ਘਟਨਾ ਵਾਲੀ ਥਾਂ ਪੁੱਜ ਕੇ ਜਾਂਚ ਵੀ ਆਰੰਭ ਦਿੱਤੀ ਹੈ। ਸਮਝਿਆ ਜਾਂਦਾ ਹੈ ਕਿ ਐੱਨ.ਆਈ.ਏ. ਇਸ ਮਾਮਲੇ ‘ਚ ਇਸ ਲਈ ਦਾਖ਼ਲ ਹੋਈ ਹੈ ਕਿ ਕਤਲ ਦੀ ਜ਼ਿੰਮੇਵਾਰੀ ਕੈਨੇਡਾ ਬੈਠੇ ਲਖਬੀਰ ਸਿੰਘ ਲੰਡਾ ਨੇ ਲਈ ਹੈ। ਸੋਸ਼ਲ ਮੀਡੀਆ ‘ਤੇ ਇਕ ਪੋਸਟ ਪਾ ਕੇ ਇਹ ਜ਼ਿੰਮੇਵਾਰੀ ਲਈ ਗਈ ਹੈ। ਐੱਨ.ਆਈ.ਏ. ਹੁਣ ਇਸ ਕਤਲ ਕੇਸ ‘ਚ ਖਾਲਿਸਤਾਨੀ ਤੱਤਾਂ ਦੀ ਸ਼ਮੂਲੀਅਤ ਸਮੇਤ ਹੋਰ ਪੱਖਾਂ ਦੀ ਜਾਂਚ ਕਰੇਗੀ। ਓਧਰ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦੀ ਮ੍ਰਿਤਕ ਦੇਹ ਦਾ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ‘ਚ ਪੋਸਟਮਾਰਟਮ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੁਰੱਖਿਆ ਦਸਤੇ ਤਾਇਨਾਤ ਸਨ। ਜਾਣਕਾਰੀ ਮੁਤਾਬਕ ਸੂਰੀ ਦੇ ਚਾਰ ਗੋਲੀਆਂ ਲੱਗਣ ਦੀ ਜਾਣਕਾਰੀ ਸਾਹਮਣੇ ਆਈ ਹੈ। ਹਿੰਦੂ ਜਥੇਬੰਦੀਆਂ ਅਤੇ ਸ਼ਿਵ ਸੈਨਿਕਾਂ ਵਲੋਂ ਪੋਸਟਮਾਰਟਮ ਕੇਂਦਰ ਮਜੀਠਾ ਰੋਡ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਗਿਆ। ਇਸੇ ਦੌਰਾਨ ਅੰਮ੍ਰਿਤਸਰ ਦੀ ਅਦਾਲਤ ਨੇ ਸ਼ਿਵ ਸੈਨਾ (ਟਕਸਾਲੀ) ਦੇ ਆਗੂ ਸੁਧੀਰ ਸੂਰੀ ਦੇ ਕਤਲ ਕੇਸ ਦੇ ਮੁੱਖ ਮੁਲਜ਼ਮ 31 ਸਾਲਾ ਸੰਦੀਪ ਸਿੰਘ ਸੋਨੀ ਨੂੰ ਸੱਤ ਦਿਨ ਦੇ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਮੁਲਜ਼ਮ ਨੂੰ ਸਖ਼ਤ ਸੁਰੱਖਿਆ ਹੇਠ ਅਦਾਲਤ ‘ਚ ਪੇਸ਼ ਕੀਤਾ ਗਿਆ। ਕੈਨੇਡਾ ਸਥਿਤ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਹਿੰਦੂ ਨੇਤਾ ਸੁਧੀਰ ਸੂਰੀ ਦੇ ਦਿਨ-ਦਿਹਾੜੇ ਹੋਏ ਕਤਲ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਸੋਸ਼ਲ ਮੀਡੀਆ ਪੋਸਟ ‘ਚ ਇਸ ਦੀ ਜ਼ਿੰਮੇਵਾਰੀ ਲਈ।