ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬ੍ਰਿਟਿਸ਼ ਕੋਲੰਬੀਆ ’ਚ ਸਰੀ ਸਿਟੀ ਕੌਂਸਲ ਵੱਲੋਂ ਕਲੋਵਰਡੇਲ ’ਚ ਯਾਦਗਾਰੀ ਗੁਰੂ ਨਾਨਕ ਵਿਲੇਜ ਵੇਅ ਸਟਰੀਟ ਸਾਈਨ ਦਾ ਉਦਘਾਟਨ ਕੀਤਾ ਗਿਆ। ਇਸ ਸ਼ਹਿਰ ’ਚ ਸਿੱਖ ਭਾਈਚਾਰੇ ਦੀ ਵੱਡੀ ਆਬਾਦੀ ਹੈ। ਸਰੀ ਸਿਟੀ ਕੌਂਸਲ ਵੱਲੋਂ ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ ਸੋਸਾਇਟੀ ਦੀ ਬੇਨਤੀ ਨੂੰ ਮਨਜ਼ੂਰੀ ਦਿੰਦਿਆਂ 64 ਐਵੇਨਿਊ ਅਤੇ 175 ਸਟਰੀਟ ਦੇ ਕੋਨੇ ’ਤੇ ਸਾਈਨ ਲਗਾਇਆ ਗਿਆ। ਪੀ.ਆਈ.ਸੀ.ਐੱਸ. ਸੋਸਾਇਟੀ ਦੇ ਪ੍ਰਧਾਨ ਅਤੇ ਸੀ.ਈ.ਓ. ਸਤਬੀਰ ਸਿੰਘ ਚੀਮਾ ਨੇ ਦੱਸਿਆ ਕਿ ਸਟਰੀਟ ਦਾ ਨਾਂ ਅੰਗਰੇਜ਼ੀ ਤੇ ਪੰਜਾਬੀ ਦੋਵਾਂ ’ਚ ਲਿਖਿਆ ਗਿਆ ਹੈ। ਇਹ ਸਡ਼ਕ ਆਉਣ ਵਾਲੇ ਗੁਰੂ ਨਾਨਕ ਡਾਇਵਰਸਿਟੀ ਵਿਲੇਜ ਲੰਬੇ ਸਮੇਂ ਦੀ ਦੇਖਭਾਲ ਦੀ ਸਹੂਲਤ ਤੱਕ ਪਹੁੰਚ ਪ੍ਰਦਾਨ ਕਰਦੀ ਹੈ। ਪ੍ਰਧਾਨ ਚੀਮਾ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਇਕ ਗੈਰ-ਮੁਨਾਫ਼ਾ ਕਮਿਊਨਿਟੀ ਆਧਾਰਿਤ ਸੰਸਥਾ ਹੈ, ਜੋ ਕਿ ਸੀਨੀਅਰ ਨਾਗਰਿਕਾਂ ਨੂੰ ਦੇਖਭਾਲ ਸੇਵਾਵਾਂ ਅਤੇ ਰਿਹਾਇਸ਼ੀ ਪ੍ਰੋਗਰਾਮਾਂ ਵਰਗੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ। ਕਲੋਵਰਡੇਲ ’ਚ ਯਾਦਗਾਰੀ ਗੁਰੂ ਨਾਨਕ ਵਿਲੇਜ ਵੇ ਸਟਰੀਟ ਸਾਈਨ ਦੇ ਉਦਘਾਟਨ ਦਾ ਜਸ਼ਨ ਮਨਾਉਣ ਲਈ ਸਰੀ ਸਿਟੀ ਕੌਂਸਲ, ਪਿਕਸ ਸੋਸਾਇਟੀ, ਚੁਣੇ ਹੋਏ ਸਰਕਾਰੀ ਅਧਿਕਾਰੀ, ਕੌਂਸਲ ਜਨਰਲ ਆਫ ਇੰਡੀਆ ਅਤੇ ਕਮਿਊਨਿਟੀ ਦੇ ਮੈਂਬਰ ਸ਼ਾਮਲ ਹੋਏ। ਚੀਮਾ ਨੇ ਕਿਹਾ ਕਿ ਸਰੀ ਦੀ ਮਿਊਂਸਪੈਲਿਟੀ ’ਚ 104,720 ਤੋਂ ਵੱਧ ਦੱਖਣੀ ਏਸ਼ੀਅਨ ਲੋਕ ਵਸਦੇ ਹਨ, ਇਸ ਗਲੀ ਦਾ ਨਾਂ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਰੱਖਣਾ ਨਾ ਸਿਰਫ਼ ਸਾਡੇ ਸ਼ਹਿਰ ਦੇ ਬਹੁ-ਸੱਭਿਆਚਾਰ ਨੂੰ ਦਰਸਾਉਂਦਾ ਹੈ, ਸਗੋਂ ਅਮੀਰ ਪੰਜਾਬੀ ਵਿਰਸੇ ਨੂੰ ਵੀ ਦਰਸਾਉਂਦਾ ਹੈ। ਇਹ ਸਾਡੀਆਂ ਘੱਟ ਗਿਣਤੀਆਂ, ਵੱਖ-ਵੱਖ ਸਭਿਆਚਾਰਾਂ, ਭਾਈਚਾਰਿਆਂ ਦਾ ਉਤਸਵ ਹੈ। ਉਨ੍ਹਾਂ ਨੇ ਇਸ ਪਹਿਲਕਦਮੀ ’ਤੇ ਮੇਅਰ ਡੱਗ ਮੈਕਲਮ ਅਤੇ ਸਰੀ ਸਿਟੀ ਕੌਂਸਲ ਦਾ ਧੰਨਵਾਦ ਕੀਤਾ।