ਡੈਲਟਾ ਪੁਲੀਸ ਦੇ ਜੱਸੀ ਸਹੋਤਾ ਨੇ ਹਾਲੈਂਡ ’ਚ ਵਿਸ਼ਵ ਪੁਲੀਸ ਅਤੇ ਫਾਇਰਮੈਨ ਦੇ ਕੁਸ਼ਤੀ ਮੁਕਾਬਲਿਆਂ ’ਚ ਪਹਿਲਾ ਸਥਾਨ ਹਾਸਲ ਕਰਦਿਆਂ ਸੋਨ ਤਗ਼ਮਾ ਜਿੱਤਿਆ ਹੈ। ਸਰੀ ’ਚ ਰਹਿੰਦੇ ਜੱਸੀ ਦੇ ਚਾਚੇ ਲੱਕੀ ਸਹੋਤਾ ਨੇ ਕਿਹਾ ਕਿ ਖੇਡ ਪ੍ਰਾਪਤੀਆਂ ਜਿੱਥੇ ਵਿਅਕਤੀ ਲਈ ਫਖਰ ਬਣਦੀਆਂ ਹਨ, ਉਥੇ ਦੇਸ਼ ਅਤੇ ਕੌਮ ਦਾ ਸਿਰ ਵੀ ਉੱਚਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਜੱਸੀ ਡੈਲਟਾ ਪੁਲੀਸ ’ਚ ਮੁਲਾਜ਼ਮ ਹੈ ਤੇ ਵਿਸ਼ਵ ਕੁਸ਼ਤੀ ਮੁਕਾਬਲਿਆਂ ਤੋਂ ਚਾਰ ਦਿਨ ਪਹਿਲਾਂ ਹੀ ਉਹ ਵਿਆਹ ਬੰਧਨ ’ਚ ਬੱਝਿਆ ਸੀ। ਉਸ ਨੇ ਵਿਸ਼ਵ ਚੈਂਪੀਅਨ ਬਣ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਜਾਣਕਾਰੀ ਅਨੁਸਾਰ ਜੱਸੀ ਸਹੋਤਾ ਨੇ 125 ਕਿਲੋ ਵਰਗ ’ਚ ਇਹ ਮੈਡਲ ਜਿੱਤਿਆ ਹੈ। ਉਹ ਮੂਲ ਰੂਪ ’ਚ ਜ਼ਿਲ੍ਹਾ ਜਲੰਧਰ ਦੇ ਗੁਰਾਇਆ ਨੇਡ਼ਲੇ ਪਿੰਡ ਚੱਕ ਦੇਸਰਾਜ ਦੇ ਪਾਲ ਸਿੰਘ ਸਹੋਤਾ ਦਾ ਪੁੱਤਰ ਹੈ ਅਤੇ ਡੈਲਟਾ ਪੁਲੀਸ ਦੇ ਅਧਿਕਾਰੀ ਵਜੋਂ ਸੇਵਾਵਾਂ ਨਿਭਾਅ ਰਿਹਾ ਹੈ।