‘ਵਾਰਿਸ ਪੰਜਾਬ ਦੇ’ ਜਥੇਬੰਦੀ ਦੀ ਅਗਵਾਈ ਕਰ ਰਹੇ ਅੰਮ੍ਰਿਤਪਾਲ ਸਿੰਘ ਸਿੱਖ ਸੰਗਤਾਂ ਦੇ ਵੱਡੇ ਇਕੱਠ ਨਾਲ ਐਤਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਕਰਵਾਏ ਗਏ ਅੰਮ੍ਰਿਤ ਸੰਚਾਰ ‘ਚ ਸ਼ਾਮਲ ਹੋਏ। ਅੰਮ੍ਰਿਤਪਾਲ ਸਿੰਘ ਸ਼ਨੀਵਾਰ ਦੇਰ ਸ਼ਾਮ ਹੀ ਆਪਣੇ ਸਮਰਥਕਾਂ ਨਾਲ ਸ੍ਰੀ ਦਰਬਾਰ ਸਾਹਿਬ ਪਹੁੰਚ ਗਏ ਸਨ। ਇਸ ਦੌਰਾਨ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਹੇਠਾਂ ਇਕੱਠੇ ਹੋਈਆਂ ਸੰਗਤਾਂ ਨੂੰ ਸੰਬੋਧਨ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਦੇ ਕਿਸੇ ਵੀ ਤਰ੍ਹਾਂ ਦੇ ਕੰਮ ‘ਚ ਪ੍ਰਸ਼ਾਸਨ ਵੱਲੋਂ ਕੋਈ ਵੀ ਅੜਿੱਕਾ ਨਹੀਂ ਡਾਹਿਆ ਜਾ ਰਿਹਾ ਹੈ। ਜੇਕਰ ਅਜਿਹੀ ਕੋਈ ਗੱਲ ਹੋਵੇਗੀ ਤਾਂ ਉਹ ਮੀਡੀਆ ਨਾਲ ਸਾਂਝੀ ਕਰਨਗੇ। ਬੇਅਦਬੀ ਮਾਮਲੇ ਸਬੰਧੀ ਪੁੱਛੇ ਗਏ ਸਵਾਲ ‘ਤੇ ਜਵਾਬ ਦਿੰਦਿਆਂ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਹ ਧਰਨੇ ਜਾਂ ਮੋਰਚਿਆਂ ‘ਚ ਬਹੁਤਾ ਯਕੀਨ ਨਹੀਂ ਰੱਖਦੇ ਹਨ ਪਰ ਜੇਕਰ ਧਰਨਿਆਂ ਮੋਰਚਿਆਂ ਨਾਲ ਇਨਸਾਫ਼ ਮਿਲਦਾ ਹੈ ਤਾਂ ਉਹ ਉਸ ਤੋਂ ਗੁਰੇਜ਼ ਨਹੀਂ ਕਰਨਗੇ ਪਰ ਇਨਸਾਫ਼ ਉਦੋਂ ਤੱਕ ਨਹੀਂ ਹੋਵੇਗਾ ਜਦੋਂ ਤੱਕ ਸਿੱਖ ਇਕੱਠੇ ਹੋ ਕੇ ਲਾਮਬੰਦ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਜੇਕਰ ਬੇਅਦਬੀ ਦਾ ਇਨਸਾਫ਼ ਚਾਹੀਦਾ ਹੈ ਤਾਂ ਸਿੱਖਾਂ ਨੂੰ ਇਕੱਠਇਆਂ ਹੋਣਾ ਪਵੇਗਾ। ਸਿੱਖਾਂ ਦੀ ਏਕਤਾ ਨਾਲ ਹੀ ਸਰਕਾਰਾਂ ਨੂੰ ਝੁਕਾਇਆ ਜਾ ਸਕਦਾ ਹੈ। ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਅੱਜ ਉਨ੍ਹਾਂ ਦੇ ਅੱਗੇ ਗੁਲਾਮੀ ਸਭ ਤੋਂ ਵੱਡਾ ਚੈਲੰਜ ਹੈ। ਇਸ ਗੁਲਾਮੀ ਨੂੰ ਸਿੱਖਾਂ-ਨੌਜਵਾਨਾਂ ਨੂੰ ਇਕੱਠਿਆਂ ਕਰਕੇ ਹੀ ਦੂਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਦਲ-ਦਲ ‘ਚ ਫਸੇ ਹੋਏ ਹਨ, ਇਸ ਗੁਲਾਮੀ ਨੂੰ ਉਦੋਂ ਤੱਕ ਨਹੀਂ ਦੂਰ ਕੀਤਾ ਜਾ ਸਕਦਾ ਜਦੋਂ ਤੱਕ ਨੌਜਵਾਨ ਸਿੱਖੀ ਨਾਲ ਨਹੀਂ ਜੁੜਦੇ ਹਨ। ਉਨ੍ਹਾਂ ਕਿਹਾ ਕਿ ਅੱਜ ਅੰਮ੍ਰਿਤਪਾਨ ਕਰਨ ਵਾਲਿਆਂ ਦੀ ਫਿਲਹਾਲ ਉਨ੍ਹਾਂ ਕੋਲ ਕੋਈ ਸੂਚੀ ਨਹੀਂ ਹੈ, ਇਸ ਸਬੰਧੀ ਸ਼੍ਰੋਮਣੀ ਕਮੇਟੀ ਜਾਣਕਾਰੀ ਦੇ ਸਕਦੀ ਹੈ ਕਿ ਕਿੰਨੇ ਪ੍ਰਾਣੀ ਅੰਮ੍ਰਿਤਪਾਨ ਕਰਕੇ ਗੁਰੂ ਦੇ ਲੜ ਲੱਗੇ ਹਨ ਪਰ ਉਹ ਪਿੰਡਾਂ ‘ਚ ਅੰਮ੍ਰਿਤ ਸੰਚਾਰ ਲਹਿਰ ਚਲਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਿਆ ਜਾ ਸਕੇ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਵੀ ਕਮੀਆਂ ਹਨ, ਜਿਨ੍ਹਾਂ ਨੂੰ ਦੂਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹਰ ਸੰਸਥਾ ‘ਚ ਕਮੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਦੂਰ ਕਰਨਾ ਚਾਹੀਦਾ ਹੈ। ਜੇਕਰ ਇਹੋ ਬਹਾਨਾ ਬਣਾਉਂਦੇ ਰਹੇ ਕਿ ਸਾਡੇ ‘ਚ ਕੋਈ ਕਮੀ ਨਹੀਂ ਹੈ ਤਾਂ ਉਨ੍ਹਾਂ ਨੂੰ ਦੂਰ ਨਹੀਂ ਕੀਤਾ ਜਾ ਸਕਦਾ।