ਪੰਜਾਬੀ ਮੂਲ ਦੇ ਕੈਨੇਡੀਅਨ ਮੈਂਬਰ ਪਾਰਲੀਮੈਂਟ ਤੋਂ ਲੈ ਕੇ ਐੱਮ.ਪੀ.ਪੀ. ਦੀਆਂ ਚੋਣਾਂ ‘ਚ ਦਹਾਕਿਆਂ ਤੋਂ ਜਿੱਤ ਦਰਜ ਕਰਦੇ ਆਏ ਹਨ। ਸੂਬਿਆਂ ਦੀਆਂ ਸਰਕਾਰਾਂ ਤੋਂ ਇਲਾਵਾ ਫੈਡਰਲ ਸਰਕਾਰ ‘ਚ ਵੀ ਮੰਤਰੀ ਬਣੇ ਹਨ। ਟਰੂਡੋ ਸਰਕਾਰ ‘ਚ ਪੰਜਾਬੀ ਮੂਲ ਦੇ ਕੈਨੇਡੀਅਨ ਮੈਂਬਰ ਪਾਰਲੀਮੈਂਟ ਕਾਫੀ ਗਿਣਤੀ ‘ਚ ਮੰਤਰੀ ਬਣੇ। ਪਰ ਹਾਲ ਹੀ ‘ਚ ਸਰੀ ਦੀਆਂ ਮਿਉਂਸੀਪਲ ਚੋਣਾਂ ‘ਚ ਪੰਜਾਬੀ ਉਮੀਦਵਾਰ ਬਹੁਤਾ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ। ਇਸ ਵਾਰ ਤਿੰਨ ਪੰਜਾਬੀ ਹੈਰੀ ਬੈਂਸ, ਮਨਦੀਪ ਨਾਗਰਾ ਤੇ ਪਰਦੀਪ ਕੌਰ ਕੂਨਰ ਕੌਂਸਲਰ ਬਣੇ ਹਨ। ਉਧਰ ਪਿਛਲੀ ਵਾਰ ਦੀ ਕੌਂਸਲਰ ਬਰੈਂਡਾ ਲੌਕ ਨੇ ਤਤਕਾਲੀ ਮੇਅਰ ਡਗ ਮਕੱਲਮ ਅਤੇ ਸੰਸਦ ਮੈਂਬਰ ਸੁੱਖ ਧਾਲੀਵਾਲ ਸਮੇਤ ਬਾਕੀ ਉਮੀਦਵਾਰਾਂ ਨੂੰ ਹਰਾ ਕੇ ਮੇਅਰ ਦੀ ਚੋਣ ਜਿੱਤ ਲਈ ਹੈ। ਉਨ੍ਹਾਂ ਦੀ ਸਲੇਟ ਦੇ ਚਾਰ ਕੌਂਸਲਰ ਜਿੱਤਣ ਨਾਲ ਉਨ੍ਹਾਂ ਨੂੰ ਬਹੁਮਤ ਵੀ ਮਿਲ ਗਿਆ ਹੈ। ਸੁੱਖ ਧਾਲੀਵਾਲ ਪੰਜਵੇਂ ਸਥਾਨ ‘ਤੇ ਆਏ। ਇਸੇ ਤਰ੍ਹਾਂ ਸਾਬਕਾ ਸੰਸਦ ਮੈਂਬਰ ਜਿਨੀ ਸਿੰਮਜ਼, ਜਿਨ੍ਹਾਂ ਦਾ ਅਸਲ ਨਾਂ ਜੋਗਿੰਦਰ ਕੌਰ ਹੋਠੀ ਹੈ, ਸੁੱਖ ਧਾਲੀਵਾਲ ਤੋਂ ਦੁੱਗਣੀਆਂ ਵੋਟਾਂ ਲੈ ਕੇ ਚੌਥੇ ਸਥਾਨ ‘ਤੇ ਰਹੇ। ਸਰੀ ਦੇ ਪੰਜਾਬੀ ਲੋਕਾਂ ‘ਚ ਇਸ ਨਤੀਜੇ ਨੂੰ ਲੈ ਕੇ ਨਵੀਂ ਬਹਿਸ ਛਿੜ ਪਈ ਹੈ ਅਤੇ ਅਜਿਹੇ ਨਤੀਜੇ ਆਉਣ ਪਿੱਛੇ ਕਈ ਮੁੱਦਿਆਂ ਨੂੰ ਕਾਰਨ ਮੰਨਿਆ ਜਾ ਰਿਹਾ ਹੈ।