ਸਰੀ ਵਿਖੇ ਨਿਰਮਲ ਸਿੰਘ ਗਿੱਲ ਦੀ ਬੇਰਹਿਮੀ ਨਾਲ ਹੱਤਿਆ ਦੀ 25ਵੀਂ ਬਰਸੀ ਮੌਕੇ ਗੋਰੇ ਹਾਕਮਾਂ ਵੱਲੋਂ ਇਸ ਘਟਨਾ ਨੂੰ ਮਾਨਤਾ ਦੇਣ ਸਬੰਧੀ ਇਕ ਵਿਸ਼ੇਸ਼ ਐਲਾਨ ਕੀਤਾ ਗਿਆ। ਸਰੀ ਦੀ ਮੇਅਰ ਬਰੈਂਡਾ ਲੌਕੇ ਨੇ ਗੁਰਦੁਆਰੇ ਦੇ ਅੰਦਰ ਹੋਏ ਇਕ ਯਾਦਗਾਰੀ ਸਮਾਗਮ ‘ਚ ਗਿੱਲ ਦੇ ਰਿਸ਼ਤੇਦਾਰਾਂ ਨੂੰ ਇਕ ਘੋਸ਼ਣਾ ਪੱਤਰ ਭੇਂਟ ਕੀਤਾ ਜਿਸ ਮੁਤਾਬਕ ਚਾਰ ਜਨਵਰੀ ਨੂੰ ‘ਨਿਰਮਲ ਸਿੰਘ ਗਿੱਲ ਦਿਵਸ’ ਵਜੋਂ ਐਲਾਨਿਆ ਗਿਆ। ਇਸ ਐਲਾਨਨਾਮੇ ਨੂੰ ਸਵੀਕਾਰ ਕਰਨ ਲਈ ਗਿੱਲ ਦਾ ਪੋਤਾ ਪਰਮਜੀਤ ਸਿੰਘ ਸੰਧੂ ਟੋਰਾਂਟੋ ਤੋਂ ਆਇਆ। ਦੱਸਦਈਏ ਕਿ ਗਿੱਲ, ਜੋ ਕਿ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਦਾ ਕੇਅਰਟੇਕਰ ਸੀ, ਨੇ 4 ਜਨਵਰੀ 1998 ਨੂੰ ਡਿਊਟੀ ਦੌਰਾਨ ਆਪਣੀ ਜਾਨ ਕੁਰਬਾਨ ਕਰ ਦਿੱਤੀ, ਜਦੋਂ ਨਿਓ ਨਾਜ਼ੀਆਂ ਦਾ ਇਕ ਗਰੁੱਪ ਪੂਜਾ ਸਥਾਨ ‘ਤੇ ਹਮਲਾ ਕਰਨ ਆਇਆ। ਲੌਕੇ, ਜਿਸ ਨੇ ਸੰਗਤ ਨੂੰ ਵੀ ਸੰਬੋਧਨ ਕੀਤਾ, ਨੂੰ ਕਿਊਬਿਕ ‘ਚ ਇਕ ਵਿਵਾਦਗ੍ਰਸਤ ਬਿੱਲ ਖ਼ਿਲਾਫ਼ ਆਪਣੀ ਆਵਾਜ਼ ਉਠਾਉਣ ਲਈ ਗੁਰਦੁਆਰਾ ਅਧਿਕਾਰੀਆਂ ਦੁਆਰਾ ਸਨਮਾਨਿਤ ਕੀਤਾ ਗਿਆ, ਜੋ ਲੋਕਾਂ ਨੂੰ ਜਨਤਕ ਸੇਵਾ ‘ਚ ਧਾਰਮਿਕ ਚਿੰਨ੍ਹ ਪਹਿਨਣ ਤੋਂ ਰੋਕਦਾ ਹੈ। ਸਿੱਖਿਆ ਅਤੇ ਬਾਲ ਸੰਭਾਲ ਮੰਤਰੀ ਰਚਨਾ ਸਿੰਘ, ਜੋ ਪਹਿਲਾਂ ਨਸਲਵਾਦ ਵਿਰੋਧੀ ਪਹਿਲਕਦਮੀਆਂ ਲਈ ਸੰਸਦੀ ਸਕੱਤਰ ਵਜੋਂ ਸੇਵਾ ਨਿਭਾਅ ਚੁੱਕੀ ਹੈ, ਇਸ ਮੌਕੇ ਹਾਜ਼ਰ ਸਨ। ਉਨ੍ਹਾਂ ਨੇ ਨਸਲਵਾਦ ਵਿਰੁੱਧ ਵਿਰੋਧ ਦੇ ਇਤਿਹਾਸ ਨੂੰ ਜਿਉਂਦਾ ਰੱਖਣ ਲਈ ਗੁਰਦੁਆਰਾ ਸਾਹਿਬ ਦੇ ਅਧਿਕਾਰੀਆਂ ਨੂੰ ਗਿੱਲ ਦੀ ਕੁਰਬਾਨੀ ਨੂੰ ਮਾਨਤਾ ਦਿੰਦੇ ਹੋਏ ਪ੍ਰਮਾਣ ਪੱਤਰ ਭੇਟ ਕੀਤਾ। ਪਿਛਲੇ ਸਾਲ ਗੁਰਦੁਆਰਾ ਕੰਪਲੈਕਸ ‘ਤੇ ਸਥਿਤ ਸੀਨੀਅਰਜ਼ ਸੈਂਟਰ ‘ਚ ਗਿੱਲ ਦੀ ਤਸਵੀਰ ਲਗਾਈ ਗਈ ਸੀ। ਇਸ ਮੌਕੇ ਗਿੱਲ ਨੂੰ ਸ਼ਰਧਾਂਜਲੀ ਭੇਟ ਕਰਨ ਵਾਲਿਆਂ ‘ਚ ਨਫ਼ਰਤ ਵਿਰੋਧੀ ਸਿੱਖਿਅਕ ਅਤੇ ਸਾਬਕਾ ਨਿਓ ਨਾਜ਼ੀ ਟੋਨੀ ਮੈਕਲੀਅਰ ਵੀ ਸ਼ਾਮਲ ਸਨ। ਕੁਲੀਸ਼ਨ ਅਗੇਂਸਟ ਬਿਗੋਟਰੀ ਦੇ ਸਹਿ-ਸੰਸਥਾਪਕ ਇਮਤਿਆਜ਼ ਪੋਪਟ ਨੇ ਵੀ ਇਸ ਸਮਾਗਮ ਨੂੰ ਸੰਬੋਧਨ ਕੀਤਾ। ਗਿੱਲ ‘ਤੇ ਡਾਕੂਮੈਂਟਰੀ ਬਣਾਈ ਗਈ ਹੈ। ਬੁਲਾਰਿਆਂ ਨੇ ਸਰਬਸੰਮਤੀ ਨਾਲ ਸਾਰਿਆਂ ਨੂੰ ਨਸਲਵਾਦ ਵਿਰੁੱਧ ਲੜਨ ਲਈ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਸਮਾਗਮ ‘ਚ ਗਿੱਲ ਦੀ ਧੀ ਰਣਜੀਤ ਕੌਰ ਵੱਲੋਂ ਇੰਡੀਆ ‘ਚ ਇਕ ਸੰਦੇਸ਼ ਪੜ੍ਹ ਕੇ ਸੁਣਾਇਆ ਗਿਆ ਜਦਕਿ ਸੰਧੂ ਨੇ ਦੱਬੀ-ਕੁਚਲੀ ਆਵਾਜ਼ ‘ਚ ਸਰੀ ‘ਚ ਆਪਣੇ ਦਾਦਾ ਜੀ ਦੇ ਆਖਰੀ ਦਿਨਾਂ ਦੀਆਂ ਯਾਦਾਂ ਨੂੰ ਯਾਦ ਕੀਤਾ।