ਲਗਾਤਾਰ ਕੈਨੇਡਾ ਤੋਂ ਪੰਜਾਬੀ ਮੂਲ ਦੇ ਮੁੰਡੇ ਕੁੜੀਆਂ ਦੀ ਕਿਸੇ ਨਾ ਕਿਸੇ ਕਾਰਨ ਮੌਤ ਦੀਆਂ ਮੰਦਭਾਗੀਆਂ ਖ਼ਬਰਾਂ ਆ ਰਹੀਆਂ ਹਨ। ਇਸੇ ਹਫਤੇ ਪਹਿਲਾਂ ਆਈਆਂ ਖ਼ਬਰਾਂ ਦੀ ਹਾਲੇ ਸਿਆਹੀ ਨਹੀਂ ਸੀ ਸੁੱਕੀ ਕਿ ਹੁਣ ਸਰੀ ‘ਚ ਇਕ 40 ਸਾਲਾ ਪੰਜਾਬਣ ਦੀ ਘਰ ‘ਚ ਹੀ ਚਾਕੂ ਮਾਰ ਕੇ ਹੱਤਿਆ ਦੀ ਖ਼ਬਰ ਆਈ ਹੈ। ਇਸੇ ਤਰ੍ਹਾਂ ਸਰੀ ‘ਚ ਹੀ ਲਾਪਤਾ ਜਸਵੀਰ ਪਰਮਾਰ ਦੀ ਮ੍ਰਿਤਕ ਦੇਹ ਮਿਲਣ ਦੀ ਜਾਣਕਾਰੀ ਸਾਹਮਣੇ ਆਈ ਹੈ। ਵੇਰਵਿਆਂ ਅਨੁਸਾਰ ਸਰੀ ਦੀ 40 ਸਾਲਾ ਹਰਪ੍ਰੀਤ ਕੌਰ ਦਾ ਉਸ ਦੇ ਘਰ ‘ਚ ਕਈ ਵਾਰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ (ਆਰ.ਸੀ.ਐੱਮ.ਪੀ.) ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਪੁਲੀਸ ਨੇ ਕਿਹਾ ਕਿ ਉਨ੍ਹਾਂ ਨੇ ਬੁੱਧਵਾਰ ਰਾਤ 9.30 ਵਜੇ ਤੋਂ ਠੀਕ ਪਹਿਲਾਂ ਹਰਪ੍ਰੀਤ ਕੌਰ ਨੂੰ 12700-ਬਲਾਕ 66 ਐਵੇਨਿਊ ਦੇ ਇਕ ਘਰ ‘ਚ ਚਾਕੂ ਦੇ ਕਈ ਜ਼ਖ਼ਮਾਂ ਤੋਂ ਪੀੜਤ ਪਾਇਆ। ਹਰਪ੍ਰੀਤ ਕੌਰ ਦੇ ਪਤੀ ਨੂੰ ਸ਼ੱਕੀ ਵਜੋਂ ਹਿਰਾਸਤ ‘ਚ ਲਿਆ ਗਿਆ ਸੀ ਪਰ ਉਸ ਨੂੰ ਬਾਅਦ ‘ਚ ਛੱਡ ਦਿੱਤਾ ਗਿਆ। ਹਰਪ੍ਰੀਤ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ। ਸਾਰਜੈਂਟ ਏਕੀਕ੍ਰਿਤ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਟਿਮੋਥੀ ਪਿਰੋਟੀ ਨੇ ਮੀਡੀਆ ਨੂੰ ਦਿੱਤੇ ਇਕ ਬਿਆਨ ‘ਚ ਕਿਹਾ ਕਿ ਜਾਂਚਕਰਤਾ ਮਾਮਲੇ ਨੂੰ ਸੁਲਝਾਉਣ ਲਈ ਦਿਨ-ਰਾਤ ਕੰਮ ਕਰ ਰਹੇ ਹਨ। ਪਿਰੋਟੀ ਨੇ ਕਿਹਾ, ‘ਇਹ ਘਟਨਾਵਾਂ ਨਾ ਸਿਰਫ਼ ਪੀੜਤ ਦੇ ਪਰਿਵਾਰ ਅਤੇ ਦੋਸਤਾਂ ‘ਤੇ ਸਗੋਂ ਪੂਰੇ ਭਾਈਚਾਰੇ ‘ਤੇ ਮਹੱਤਵਪੂਰਨ ਪ੍ਰਭਾਵ ਪਾਉਂਦੀਆਂ ਹਨ।’ ਇਹ ਸੰਕੇਤ ਦਿੰਦੇ ਹੋਏ ਕਿ ਇਹ ਘਰੇਲੂ ਹਿੰਸਾ ਦਾ ਮਾਮਲਾ ਹੋ ਸਕਦਾ ਹੈ ਪਿਰੋਟੀ ਨੇ ਕਿਹਾ, ‘ਜਦੋਂ ਵੀ ਘਰੇਲੂ ਹਿੰਸਾ ਦਾ ਕੋਈ ਦੋਸ਼ ਲੱਗਦਾ ਹੈ ਪੁਲੀਸ ਇਸ ਨੂੰ ਬਹੁਤ ਗੰਭੀਰਤਾ ਨਾਲ ਲੈਂਦੀ ਹੈ।’ ਪੁਲੀਸ ਨੇ ਕਿਹਾ ਕਿ ਉਹ ਹਰਪ੍ਰੀਤ ਕੌਰ ਦੀ ਪਛਾਣ ਜਾਰੀ ਕਰ ਰਹੀ ਹੈ ਜਿਸ ਨਾਲ ਉਨ੍ਹਾਂ ਨੂੰ ਜਾਂਚ ‘ਚ ਮਦਦ ਮਿਲੇਗੀ। ਦੂਜੇ ਪਾਸੇ ਬੀਤੇ ਕਈ ਦਿਨਾਂ ਤੋਂ ਲਾਪਤਾ 23 ਸਾਲਾ ਪੰਜਾਬਣ ਜਸਵੀਰ ਪਰਮਾਰ ਦੀ ਮ੍ਰਿਤਕ ਦੇਹ ਮਿਲਣ ਦੀ ਖ਼ਬਰ ਹੈ। ਸਰੀ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਪੁਲੀਸ ਮੁਤਾਬਕ 29 ਨਵੰਬਰ 2022 ਨੂੰ ਪੱਛਮੀ ਵੈਨਕੂਵਰ ‘ਚ ਇਕ ਕੁੜੀ ਦੀ ਮ੍ਰਿਤਕ ਦੇਹ ਮਿਲੀ ਸੀ ਅਤੇ ਹੁਣ ਪੁਸ਼ਟੀ ਹੋਈ ਕਿ ਇਹ ਮ੍ਰਿਤਕ ਦੇਹ ਸਰੀ ਤੋਂ ਲਾਪਤਾ ਹੋਈ ਜਸਵੀਰ ਪਰਮਾਰ ਦੀ ਸੀ। ਜਸਵੀਰ ਪਰਮਾਰ ਸਰੀ ਦੀ ਰਹਿਣ ਵਾਲੀ ਸੀ ਅਤੇ ਉਸ ਨੇ ਆਖਰੀ ਵਾਰ 22 ਨਵੰਬਰ ਨੂੰ ਆਪਣੇ ਪਰਿਵਾਰ ਨਾਲ ਸੰਪਰਕ ਕੀਤਾ ਸੀ ਪਰ ਉਸ ਤੋਂ ਬਾਅਦ ਉਸ ਦਾ ਕੋਈ ਸੁਰਾਗ ਨਾਲ ਮਿਲਣ ‘ਤੇ ਉਦੋਂ ਤੋਂ ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਸਨ। ਇਸ ਮਾਮਲੇ ‘ਚ ਪੁਲੀਸ ਨੇ ਲੋਕਾਂ ਤੋਂ ਵੀ ਸਹਿਯੋਗ ਦੀ ਅਪੀਲ ਕੀਤੀ ਸੀ। ਪੁਲੀਸ ਦਾ ਕਹਿਣਾ ਹੈ ਕਿ ਜਸਵੀਰ ਪਰਮਾਰ ਦੀ ਮੌਤ ਦੇ ਮਾਮਲੇ ‘ਚ ਕੁਝ ਵੀ ਅਪਰਾਧਿਕ ਨਹੀਂ ਲੱਗ ਰਿਹਾ ਹੈ।