ਸ੍ਰੀ ਗੋਇੰਦਵਾਲ ਸਾਹਿਬ ਤੇ ਅਜਨਾਲਾ ‘ਚ ਅੱਜ ਦੋ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਇਨ੍ਹਾਂ ਨੌਜਵਾਨ ਦੀ ਉਮਰ ਕ੍ਰਮਵਾਰ 15 ਤੇ 20 ਸਾਲ ਸੀ। ਥਾਣਾ ਵੈਰੋਵਾਲ ਅਧੀਨ ਪੈਂਦੇ ਪਿੰਡ ਅੱਲੋਵਾਲ ‘ਚ ਨਸ਼ੇ ਦੀ ਓਵਰਡੋਜ਼ ਨਾਲ 15 ਸਾਲਾ ਨੌਜਵਾਨ ਦੀ ਮੌਤ ਹੋ ਗਈ। ਉਸ ਦੀ ਪਛਾਣ ਅਰਸ਼ਪ੍ਰੀਤ ਸਿੰਘ ਪੁੱਤਰ ਪਲਵਿੰਦਰ ਸਿੰਘ ਵਜੋਂ ਹੋਈ ਜੋ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਅਰਸ਼ਪ੍ਰੀਤ ਪਿਛਲੇ ਕੁਝ ਸਮੇਂ ਤੋਂ ਨਸ਼ਿਆਂ ਦਾ ਆਦੀ ਹੋ ਗਿਆ ਸੀ। ਉਹ ਕੱਲ੍ਹ ਘਰੋਂ ਕਿਸੇ ਕੰਮ ਲਈ ਬਾਹਰ ਗਿਆ ਸੀ, ਜਿਥੇ ਉਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਨਸ਼ੇ ਦਾ ਟੀਕਾ ਲਾਇਆ, ਜਿਸ ਤੋਂ ਬਾਅਦ ਅਰਸ਼ਪ੍ਰੀਤ ਦੀ ਸਿਹਤ ਖ਼ਰਾਬ ਹੋ ਗਈ। ਉਪਰੰਤ ਅਰਸ਼ਪ੍ਰੀਤ ਨੂੰ ਸਥਾਨਕ ਡਾਕਟਰ ਕੋਲ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਜ਼ਿਆਦਾ ਵਿਗੜਨ ਕਾਰਨ ਅੰਮ੍ਰਿਤਸਰ ਹਸਪਤਾਲ ਭੇਜਿਆ ਗਿਆ ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪਰਿਵਾਰਕ ਮੈਬਰਾਂ ਨੇ ਇਲਾਕੇ ‘ਚ ਸ਼ਰ੍ਹੇਆਮ ਵਿਕਦੇ ਨਸ਼ੇ ਨੂੰ ਲੈ ਕੇ ਸਰਕਾਰ ਤੇ ਪ੍ਰਸ਼ਾਸਨ ‘ਤੇ ਸਵਾਲ ਚੁੱਕੇ ਹਨ। ਇਸ ਦੌਰਾਨ ਤਹਿਸੀਲ ਅਜਨਾਲਾ ਦੇ ਪਿੰਡ ਕੋਟਲੀ ਸੱਕਾ ‘ਚ ਨਸ਼ੇ ਦਾ ਟੀਕਾ ਲਾਉਣ ਨਾਲ਼ ਜੋਬਨ ਸਿੰਘ (20) ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਰਤਨ ਸਿੰਘ ਨੇ ਦੱਸਿਆ ਕਿ ਜੋਬਨ ਨਸ਼ਿਆਂ ਦਾ ਆਦੀ ਸੀ। ਅੱਜ ਸਵੇਰੇ ਨਸ਼ਾ ਲੈ ਕੇ ਘਰ ਆਇਆ ਤੇ ਅੰਦਰ ਵੜ ਕੇ ਟੀਕਾ ਲਾ ਲਿਆ। ਉਸ ਦੀ ਟੀਕਾ ਲਾਉਣ ਉਪਰੰਤ ਕੁਝ ਸਮੇਂ ਬਾਅਦ ਮੌਤ ਹੋ ਗਈ।