ਸ੍ਰੀ ਅਕਾਲ ਤਖ਼ਤ ਦੇ ਸਥਾਪਨਾ ਦਿਵਸ ਸਮਾਰੋਹ ਮੌਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਮੁੱਚੀ ਸਿੱਖ ਕੌਮ ਨੂੰ ਸਿਆਸੀ ਮਤਭੇਦ ਭੁਲਾ ਕੇ ਇਕਜੁੱਟ ਹੋਣ ਦੀ ਅਪੀਲ ਕੀਤੀ। ਸ਼੍ਰੋਮਣੀ ਕਮੇਟੀ ਵੱਲੋਂ ਸਥਾਪਨਾ ਦਿਵਸ ਸਬੰਧੀ ਅਕਾਲ ਤਖ਼ਤ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਭਾਈ ਸਿਮਰਪ੍ਰੀਤ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਹੁਕਮਨਾਮਾ ਗਿਆਨੀ ਮਲਕੀਤ ਸਿੰਘ ਨੇ ਲਿਆ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਨੂੰ ਅਕਾਲ ਤਖ਼ਤ ਦੇ ਸਥਾਪਨਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਸਥਾਪਤ ਕੀਤਾ ਗਿਆ ਅਕਾਲ ਤਖ਼ਤ ਸਿੱਖ ਕੌਮ ਲਈ ਕੇਵਲ ਇਮਾਰਤ ਨਹੀਂ, ਸਗੋਂ ਇਹ ਇੱਕ ਸੰਕਲਪ ਹੈ, ਜਿਸ ਨੇ ਕੌਮ ਦੀ ਆਜ਼ਾਦ ਹੋਂਦ ਨੂੰ ਰੂਪਮਾਨ ਕੀਤਾ ਹੈ। ਉਨ੍ਹਾਂ ਸਮੁੱਚੀ ਸਿੱਖ ਕੌਮ ਨੂੰ ਆਪਣੇ ਰਾਜਸੀ ਮਤਭੇਦ ਭੁਲਾ ਕੇ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਇਕੱਠੇ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਸਿੱਖ ਕੌਮ ਨੇ ਗੁਲਾਮੀ ਦੀਆਂ ਜ਼ੰਜੀਰਾਂ ਅਤੇ ਬੰਧਨਾਂ ਨੂੰ ਤੋਡ਼ਨਾ ਹੈ ਤਾਂ ਇਕ ਨਿਸ਼ਾਨ ਅਤੇ ਇਕ ਵਿਧਾਨ ਹੇਠ ਇਕੱਠੇ ਹੋਣਾ ਪਵੇਗਾ। ਉਨ੍ਹਾਂ ਸਿੱਖ ਕੌਮ ਨੂੰ ਬਾਣੀ ਤੇ ਬਾਣੇ ਦੇ ਧਾਰਨੀ ਹੋਣ ਦੀ ਪ੍ਰੇਰਣਾ ਕੀਤੀ ਤੇ ਗੁਰਬਾਣੀ ਅਨੁਸਾਰ ਜੀਵਨ ਸੇਧਾਂ ਨਿਰਧਾਰਤ ਕਰਨ ਲਈ ਕਿਹਾ। ਇਸ ਤੋਂ ਪਹਿਲਾਂ ਬੀਤੀ ਸ਼ਾਮ ਅਕਾਲ ਤਖ਼ਤ ਦੇ ਸਨਮੁੱਖ ਕੀਰਤਨ ਦਰਬਾਰ ਲਗਾਇਆ ਗਿਆ, ਜਿਸ ’ਚ ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ਰਵਾਇਤੀ ਸਿੱਖ ਸਾਜ਼ਾਂ ਨਾਲ ਕੀਰਤਨ ਕੀਤਾ।