ਹਾਲੇ ਸਿਰਫ ਚਾਰ ਦਿਨ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਣਾਏ ਗਏ ਫ਼ੈਸਲਿਆਂ ਨੂੰ ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਰੱਦ ਕਰ ਦਿੱਤਾ ਹੈ। ਇਸ ਨਾਲ ਦੋਹਾਂ ਤਖਤਾਂ ਵਿਚਕਾਰ ਟਕਰਾਅ ਵਧਣ ਦੇ ਆਸਾਰ ਪੈਦਾ ਹੋ ਗਏ ਹਨ। ਤਖਤ ਸ੍ਰੀ ਪਟਨਾ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਫ਼ੈਸਲਿਆਂ ਨੂੰ ਪੱਖਪਾਤੀ ਦੱਸਦੇ ਹੋਏ ਰੱਦ ਕਰ ਦਿੱਤਾ ਹੈ। ਪੰਜ ਪਿਆਰਿਆਂ ਦੀ ਇਹ ਕਾਰਵਾਈ ਸ੍ਰੀ ਅਕਾਲ ਤਖ਼ਤ ਦੀ ਸਰਵਉੱਚਤਾ ਨੂੰ ਚੁਣੌਤੀ ਹੈ। ਇਸ ਦੌਰਾਨ ਅਕਾਲ ਤਖ਼ਤ ਵੱਲੋਂ ਲਾਈ ਗਈ ਤਨਖ਼ਾਹ ਪੂਰੀ ਕਰ ਰਹੇ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ‘ਤੇ ਪਟਨਾ ਸਾਹਿਬ ਗੁਰਦੁਆਰਾ ਕੈਂਪਸ ‘ਚ ਹਮਲਾ ਕੀਤਾ ਗਿਆ ਹੈ। ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ, ਜਿਨ੍ਹਾਂ ‘ਚ ਕਾਰਜਕਾਰੀ ਹੈੱਡ ਗ੍ਰੰਥੀ ਬਲਦੇਵ ਸਿੰਘ, ਸੀਨੀਅਰ ਮੀਤ ਗ੍ਰੰਥੀ ਗੁਰਦਿਆਲ ਸਿੰਘ, ਗ੍ਰੰਥੀ ਪਰਸ਼ੂਰਾਮ ਸਿੰਘ, ਗ੍ਰੰਥੀ ਜਸਵੰਤ ਸਿੰਘ ਅਤੇ ਗ੍ਰੰਥੀ ਅਮਰਜੀਤ ਸਿੰਘ ਸ਼ਾਮਲ ਹਨ, ਦੇ ਦਸਤਖ਼ਤਾਂ ਹੇਠ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਹੁਕਮਨਾਮਾ ਜਾਰੀ ਕੀਤਾ ਗਿਆ ਹੈ। ਹੁਕਮਨਾਮੇ ‘ਚ ਦੋਸ਼ ਲਾਇਆ ਗਿਆ ਹੈ ਕਿ ਜਥੇਦਾਰ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਨੂੰ ਤਲਬ ਕਰ ਕੇ ਜੋ ਫੈਸਲੇ ਅਕਾਲ ਤਖਤ ਤੋਂ ਸੁਣਾਏ ਸਨ, ਉਹ ਨਿਰਪੱਖ ਨਹੀਂ ਹਨ। ਇਨ੍ਹਾਂ ਫੈਸਲਿਆਂ ਕਰਕੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਮਾਹੌਲ ਤਣਾਅਪੂਰਨ ਹੋ ਗਿਆ ਹੈ। ਲਿਹਾਜ਼ਾ ਪੰਜ ਪਿਆਰਿਆਂ ਨੇ ਸ੍ਰੀ ਅਕਾਲ ਤਖ਼ਤ ਵੱਲੋਂ ਬੀਤੇ ਦਿਨੀਂ ਕੀਤੇ ਸਾਰੇ ਫ਼ੈਸਲੇ ਰੱਦ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਵੱਲੋਂ ਕੀਤੇ ਫੈਸਲੇ ਤਖਤ ਸ੍ਰੀ ਪਟਨਾ ਸਾਹਿਬ ਦੇ ਸੰਵਿਧਾਨ ਦੀ ਧਾਰਾ 79 ਮੁਤਾਬਕ ਠੀਕ ਨਹੀਂ ਹਨ। ਉਨ੍ਹਾਂ ਕਿਹਾ ਕਿ ਸੰਵਿਧਾਨ ਮੁਤਾਬਕ ਧਾਰਮਿਕ ਵਿਵਾਦ ਨਾਲ ਜੁੜੇ ਮਸਲੇ ਜਦੋਂ ਤੱਕ ਉਥੋਂ ਦੀ ਪ੍ਰਬੰਧਕ ਕਮੇਟੀ ਲਿਖਤੀ ਰੂਪ ‘ਚ ਅਕਾਲ ਤਖਤ ਨੂੰ ਨਹੀਂ ਦਿੰਦੀ, ਉਸ ਵੇਲੇ ਤਕ ਉਸ ‘ਚ ਦਖਲ ਨਹੀਂ ਦਿੱਤਾ ਜਾ ਸਕਦਾ। ਇਸੇ ਤਰ੍ਹਾਂ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰੇ ਜਦੋਂ ਤੱਕ ਕਿਸੇ ਤਨਖਾਹੀਏ ਦੋਸ਼ੀ ਦਾ ਫ਼ੈਸਲਾ ਅਕਾਲ ਤਖ਼ਤ ਵਿਖੇ ਵਿਚਾਰਨ ਲਈ ਨਹੀਂ ਭੇਜਦੇ, ਉਦੋਂ ਤੱਕ ਉਸ ਨੂੰ ਮੁਆਫ਼ ਕਰਨਾ ਜਾਂ ਸਜ਼ਾ ‘ਚ ਤਬਦੀਲੀ ਨਹੀਂ ਕੀਤੀ ਜਾ ਸਕਦੀ। ਇਸ ਦੌਰਾਨ ਪ੍ਰਬੰਧਕੀ ਬੋਰਡ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਸ੍ਰੀ ਅਕਾਲ ਤਖ਼ਤ ਵੱਲੋਂ ਲਾਈ ਗਈ ਤਨਖ਼ਾਹ ਨੂੰ ਪੂਰਾ ਕਰਨ ਲਈ ਜਦੋਂ ਗੁਰਦੁਆਰੇ ‘ਚ ਸੇਵਾ ਕਰ ਰਹੇ ਸਨ ਤਾਂ ਅਚਨਚੇਤੀ ਉਨ੍ਹਾਂ ‘ਤੇ ਹਮਲਾ ਕੀਤਾ ਗਿਆ। ਇਸ ਦੀਆਂ ਕੁਝ ਵੀਡੀਓ ਅਕਾਲ ਤਖ਼ਤ ਸਕੱਤਰੇਤ ਵੱਲੋਂ ਜਾਰੀ ਕੀਤੀਆਂ ਗਈਆਂ ਹਨ। ਇਸ ਹਮਲੇ ਤੋਂ ਬਾਅਦ ਪੀੜਤ ਧਿਰ ਵੱਲੋਂ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਚੇਤੇ ਰਹੇ ਕਿ ਸ੍ਰੀ ਅਕਾਲ ਤਖ਼ਤ ਵੱਲੋਂ ਕੀਤੇ ਗਏ ਆਦੇਸ਼ ਦਾ ਪਟਨਾ ਸਾਹਿਬ ਵਿਖੇ ਸਖਤ ਵਿਰੋਧ ਕੀਤਾ ਗਿਆ ਸੀ ਅਤੇ ਰੋਸ ਵਜੋਂ ਜਥੇਦਾਰ ਦਾ ਪੁਤਲਾ ਵੀ ਸਾੜਿਆ ਗਿਆ ਸੀ। ਪੰਜ ਪਿਆਰਿਆਂ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲੋਂ ਕੁਝ ਸਪਸ਼ਟੀਕਰਨ ਵੀ ਮੰਗੇ ਹਨ। ਉਨ੍ਹਾਂ ਨੂੰ ਆਦੇਸ਼ ਕੀਤਾ ਗਿਆ ਹੈ ਕਿ ਇਹ ਸਪਸ਼ੱਟੀਕਰਨ ਲਿਖਤੀ ਰੂਪ ‘ਚ ਦੋ ਦਿਨਾਂ ਅੰਦਰ ਭੇਜੇ ਜਾਣ। ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਭਵਿੱਖ ‘ਚ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਕਿਸੇ ਵੀ ਮਾਮਲੇ ‘ਚ ਕੋਈ ਆਦੇਸ਼ ਜਾਰੀ ਨਹੀਂ ਕਰਨਗੇ ਅਤੇ ਜੇਕਰ ਉਹ ਅਜਿਹਾ ਕਰਦੇ ਹਨ ਤਾਂ ਉਹ ਮੰਨਣਯੋਗ ਨਹੀਂ ਹੋਵੇਗਾ। ਪੰਜ ਪਿਆਰਿਆਂ ਨੇ ਪੁੱਛਿਆ ਕਿ ਰਣਜੀਤ ਸਿੰਘ ਗੌਹਰ ਦੇ ਨਾਂਅ ਨਾਲ ਜਥੇਦਾਰ ਸ਼ਬਦ ਕਿਉਂ ਲਾਇਆ ਗਿਆ ਹੈ, ਪ੍ਰਬੰਧਕੀ ਬੋਰਡ ਨੂੰ ਗੈਰ-ਸੰਵਿਧਾਨਕ ਤਰੀਕੇ ਨਾਲ ਸ੍ਰੀ ਅਕਾਲ ਤਖ਼ਤ ਵਿਖੇ ਕਿਸ ਆਧਾਰ ‘ਤੇ ਤਲਬ ਕੀਤਾ ਗਿਆ, ਬਹੁਮੱਤ ਸਾਬਤ ਕਰਨ ਦੇ ਜਿਸ ਮੰਤਵ ਨਾਲ ਉਨ੍ਹਾਂ ਨੂੰ ਸੱਦਿਆ ਗਿਆ ਸੀ, ਉਸ ਉੱਪਰ ਵਿਚਾਰ ਕਿਉਂ ਨਹੀਂ ਕੀਤੀ ਗਈ, ਇਕ ਧਿਰ ਨੂੰ ਸਾਜ਼ਿਸ਼ ਅਧੀਨ ਨੀਵਾਂ ਦਿਖਾਇਆ ਗਿਆ ਅਤੇ ਜ਼ਲੀਲ ਕੀਤਾ ਗਿਆ, ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦਾ ਕੰਮ ਚਲਾਉਣ ਲਈ ਪੰਜ ਮੈਂਬਰੀ ਕਮੇਟੀ ਕਿਸ ਹੱਕ ਨਾਲ ਬਣਾਈ ਹੈ, ਭਾਈ ਬਲਦੇਵ ਸਿੰਘ ਅਤੇ ਭਾਈ ਗੁਰਦਿਆਲ ਸਿੰਘ ਖਿਲਾਫ਼ ਵਰਤੀ ਗਈ ਸ਼ਬਦਾਵਲੀ ਨਾਲ ਉਨ੍ਹਾਂ ਨੂੰ ਅਪਮਾਨਿਤ ਕੀਤਾ ਗਿਆ ਹੈ ਅਤੇ ਪ੍ਰਬੰਧਕੀ ਬੋਰਡ ਦੇ ਸਮੂਹ ਮੁਲਾਜ਼ਮਾਂ ਨੂੰ ਕਿਸ ਆਧਾਰ ‘ਤੇ ਨਸ਼ਾ ਕਰਨ ਦਾ ਦੋਸ਼ ਲਾ ਕੇ ਅਪਮਾਨਿਤ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖਿਲਾਫ਼ ਕੀਤੇ ਜਾ ਰਹੇ ਕੂੜ ਪ੍ਰਚਾਰ ਤੇ ਪੁਤਲੇ ਫੂਕੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਦੇ ਹੁਕਮ ਦੀ ਪਾਲਣਾ ਕਰਨਾ ਹਰੇਕ ਸਿੱਖ ਦਾ ਫ਼ਰਜ਼ ਹੈ। ਅਕਾਲ ਤਖ਼ਤ ਸਿੱਖ ਕੌਮ ਲਈ ਸਰਵਉਚ ਸੰਸਥਾ ਹੈ ਅਤੇ ਉਸ ਦੇ ਜਥੇਦਾਰ ਖਿਲਾਫ ਅਜਿਹੀ ਕਾਰਵਾਈ ਸਿੱਖ ਕੌਮ ਦੀ ਇਸ ਸਿਖਰਲੇ ਸਨਮਾਨ ਵਾਲੀ ਪਦਵੀ ਦਾ ਨਿਰਾਦਰ ਹੈ।