ਪਾਕਿਸਤਾਨ ਵੱਲੋਂ ਹਥਿਆਰ ਅਤੇ ਹੈਰੋਇਨ ਭਾਰਤੀ ਖੇਤਰ ‘ਚ ਭੇਜਣ ਦੀ ਇਕ ਹੋਰ ਸਾਜਿਸ਼ ਨੂੰ ਬੀ.ਐਸ.ਐਫ. ਦੇ ਜਵਾਨਾਂ ਵੱਲੋਂ ਨਾਕਾਮ ਕੀਤਾ ਗਿਆ। ਜਾਣਕਾਰੀ ਮੁਤਾਬਕ ਬੀ.ਐਸ.ਐਫ. ਦੇ ਸੈਕਟਰ ਗੁਰਦਾਸਪੁਰ ਦੀ 113 ਬਟਾਲੀਅਨ ਹੈੱਡ ਕੁਆਰਟਰ ਸ਼ਿਕਾਰ ਮਾਛੀਆਂ ਦੇ ਬਹਾਦਰ ਜਵਾਨਾਂ ਨੇ ਸਰਹੱਦੀ ਚੌਕੀ ਕਾਸੋਵਾਲ ਦੇ ਇਲਾਕੇ ‘ਚ ਤੜਕੇ 2.12 ਵਜੇ ਡਰੋਨ ਦੀ ਗਤੀਵਿਧੀ ਨੂੰ ਦੇਖਦਿਆਂ ਚੌਕਸੀ ਜਵਾਨਾਂ ਨੇ ਭਾਰੀ ਗੋਲੀਬਾਰੀ ਕਰਕੇ ਹੇਠਾਂ ਸੁੱਟਣ ‘ਚ ਵੱਡੀ ਸਫ਼ਲਤਾ ਹਾਸਲ ਕੀਤੀ। ਜਾਣਕਾਰੀ ਮੁਤਾਬਕ ਬੀ.ਐਸ.ਐਫ. ਜਵਾਨਾਂ ਵੱਲੋਂ ਸੱਠ-ਸੱਤਰ ਰਾਊਂਡ ਫਾਇਰ ਕੀਤੇ ਗਏ। ਇਸ ਦੌਰਾਨ ਡਰੋਨ ਨੇੜਲੇ ਸਹਾਰਨ ਖੇਤਰ ‘ਚ ਡਿੱਗਿਆ। ਇਸ ਬਟਾਲੀਅਨ ਦੇ ਬਹਾਦਰ ਜਵਾਨਾਂ ਨੇ ਬੀਤੇ ਦਿਨ ਵੀ ਇਕ ਡਰੋਨ ਨੂੰ ਡੇਗ ਕਿ ਉਸ ਨਾਲ 4 ਪੈਕਟ ਬੰਨ੍ਹ ਕੇ ਭੇਜੀ ਹੈਰੋਇਨ ਤੋਂ ਇਲਾਵਾ ਕੰਡਿਆਲੀ ਤਾਰ ਨੇੜੇ 20 ਪੈਕਟ ਹੈਰੋਇਨ, ਪਿਸਤੌਲ ਅਤੇ ਗੋਲੀਆਂ ਬਰਾਮਦ ਕੀਤੀਆਂ ਸਨ। ਜ਼ਿਕਰਯੋਗ ਹੈ ਕਿ ਸਰਹੱਦ ਪਾਰੋਂ ਪਹਿਲੀ ਵਾਰ ਆਇਆ ਇਹ ਡਰੋਨ ਕੈਮਰੇ ਵਾਲਾ ਹੈ। ਇਸ ਤੋਂ ਪਹਿਲਾਂ ਸਰਹੱਦ ਪਾਰੋਂ ਕਈ ਵਾਰ ਡਰੋਨ ਆਏ ਹਨ ਜਿਨ੍ਹਾਂ ਰਾਹੀਂ ਡਰੱਗ ਅਤੇ ਹਥਿਆਰ ਭੇਜੇ ਜਾਂਦੇ ਰਹੇ ਹਨ, ਪਰ ਕੈਮਰੇ ਵਾਲਾ ਡਰੋਨ ਪਹਿਲੀ ਵਾਰ ਭੇਜਿਆ ਗਿਆ ਹੈ ਜਿਸ ਦੀ ਜਾਂਚ ਜਾਰੀ ਹੈ।