ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਇਕ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਪੰਜਾਬ ਪੁਲੀਸ ਨੇ ਦੋ ਨਸ਼ਾ ਤਸਕਰਾਂ ਨੂੰ 10 ਕਿੱਲੋ ਹੈਰੋਇਨ ਅਤੇ ਦੋ ਪਿਸਤੌਲਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਡਾਇਰੈਕਟਰ ਜਨਰਲ ਆਫ਼ ਪੁਲੀਸ ਗੌਰਵ ਯਾਦਵ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਹਰਸ਼ਦੀਪ ਸਿੰਘ ਵਾਸੀ ਪਿੰਡ ਥੰਮ੍ਹਣ ਜ਼ਿਲ੍ਹਾ ਗੁਰਦਾਸਪੁਰ ਅਤੇ ਸਰਵਣ ਸਿੰਘ ਉਰਫ਼ ਸਾਬਾ ਵਾਸੀ ਸ਼ਹੂਰ ਕਲਾਂ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਇਨ੍ਹਾਂ ਦੇ ਕਬਜ਼ੇ ‘ਚੋਂ .30 ਬੋਰ ਦੇ ਦੋ ਵਿਦੇਸ਼ੀ ਪਿਸਤੌਲ, ਚਾਰ ਮੈਗਜ਼ੀਨ ਅਤੇ 180 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਇਹ ਸਫਲਤਾ ਪੰਜਾਬ ਪੁਲੀਸ ਵੱਲੋਂ 10 ਕਿੱਲੋ ਹੈਰੋਇਨ ਅਤੇ ਇਕ ਆਧੁਨਿਕ ਡਰੋਨ ਸਮੇਤ ਦੋ ਮੁੱਖ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾਲ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤੇ ਜਾਣ ਤੋਂ ਤਿੰਨ ਦਿਨਾਂ ਬਾਅਦ ਮਿਲੀ ਹੈ। ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਭਰੋਸੇਯੋਗ ਜਾਣਕਾਰੀ ਦੇ ਆਧਾਰ ‘ਤੇ ਕਾਊਂਟਰ ਇੰਟੈਲੀਜੈਂਸ ਪਠਾਨਕੋਟ ਦੀਆਂ ਪੁਲੀਸ ਟੀਮਾਂ ਨੇ ਗੁਰਦਾਸਪੁਰ ਦੇ ਪਿੰਡ ਥੰਮ੍ਹਣ ਨੇੜੇ ਇਕ ਵਿਸ਼ੇਸ਼ ਮੁਹਿੰਮ ਚਲਾਈ ਅਤੇ ਦੋਵਾਂ ਨਸ਼ਾ ਤਸਕਰਾਂ ਨੂੰ ਉਸ ਸਮੇਂ ਸਫਲਤਾਪੂਰਵਕ ਕਾਬੂ ਕਰ ਲਿਆ ਜਦੋਂ ਉਹ ਬਾਰਡਰ ਆਊਟ ਪੋਸਟ ਚੌਂਤਰਾ (ਦੋਰਾਂਗਲਾ) ਵਿੱਚ ਪਾਕਿਸਤਾਨ ਅਧਾਰਿਤ ਤਸਕਰਾਂ ਦੁਆਰਾ ਕੰਡਿਆਲੀ ਤਾਰ ਦੇ ਰਸਤੇ ਰਾਹੀਂ ਪਾਈਪ ਦੀ ਮਦਦ ਨਾਲ ਭੇਜੀ ਗਈ ਨਸ਼ੇ ਅਤੇ ਹਥਿਆਰਾਂ ਦੀ ਖੇਪ ਬਰਾਮਦ ਕਰਨ ਤੋਂ ਬਾਅਦ ਪੈਦਲ ਆਪਣੇ ਘਰ ਜਾ ਰਹੇ ਸਨ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਨਸ਼ਾ ਤਸਕਰ ਰਹਿਮਤ ਮੀਆਂ ਵਜੋਂ ਜਾਣੇ ਜਾਂਦੇ ਪਾਕਿ ਅਧਾਰਿਤ ਤਸਕਰ ਦੇ ਸੰਪਰਕ ‘ਚ ਸਨ। ਦੋਸ਼ੀ ਸਰਵਣ ਇਕ ਬਦਨਾਮ ਨਸ਼ਾ ਤਸਕਰ ਹੈ ਜੋ 7 ਸਾਲ ਦੀ ਕੈਦ ਕੱਟਣ ਤੋਂ ਬਾਅਦ 2018 ‘ਚ ਜ਼ਮਾਨਤ ‘ਤੇ ਬਾਹਰ ਆਇਆ ਸੀ।