ਇੰਡੀਆ ਦੀ ਕ੍ਰਿਕਟ ਟੀਮ ‘ਚ ਬੱਲੇਬਾਜ਼ ਰਹੇ ਸੁਰੇਸ਼ ਰੈਨਾ ਨੇ ਮੰਗਲਵਾਰ ਨੂੰ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ 15 ਅਗਸਤ 2020 ਨੂੰ ਰੈਨਾ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਰੈਨਾ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ‘ਚ 2011 ਦੀ ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਸਨ। ਰੈਨਾ ਆਉਣ ਵਾਲੇ ਘਰੇਲੂ ਸੈਸ਼ਨ ‘ਚ ਉੱਤਰ ਪ੍ਰਦੇਸ਼ ਲਈ ਨਹੀਂ ਖੇਡਣਗੇ। ਰੈਨਾ ਨੇ ਆਪਣੇ ਸੰਨਿਆਸ ਦਾ ਐਲਾਨ ਕਰਨ ਲਈ ਟਵਿੱਟਰ ‘ਤੇ ਇਕ ਟਵੀਟ ਕਰਦੇ ਹੋਏ ਲਿਖਿਆ, ‘ਆਪਣੇ ਦੇਸ਼ ਅਤੇ ਰਾਜ ਯੂ.ਪੀ. ਦੀ ਨੁਮਾਇੰਦਗੀ ਕਰਨਾ ਇਕ ਪੂਰਨ ਸਨਮਾਨ ਦੀ ਗੱਲ ਹੈ। ਮੈਂ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰਨਾ ਚਾਹੁੰਦਾ ਹਾਂ। ਮੈਂ ਬੀ.ਸੀ.ਸੀ.ਆਈ, ਚੇਨਈ ਆਈ.ਪੀ.ਐੱਲ, ਰਾਜੀਵ ਸ਼ੁਕਲਾ ਅਤੇ ਮੇਰੇ ਸਾਰੇ ਪ੍ਰਸ਼ੰਸਕਾਂ ਨੂੰ ਉਹਨਾਂ ਦੇ ਸਮਰਥਨ ਅਤੇ ਮੇਰੀ ਕਾਬਲੀਅਤ ‘ਚ ਅਟੁੱਟ ਵਿਸ਼ਵਾਸ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ।’ 13 ਸਾਲਾਂ ਦੇ ਅੰਤਰਰਾਸ਼ਟਰੀ ਕਰੀਅਰ ‘ਚ ਰੈਨਾ ਨੇ 18 ਟੈਸਟ, 226 ਵਨਡੇ ਅਤੇ 78 ਟੀ-20 ਅੰਤਰਰਾਸ਼ਟਰੀ ਮੈਚਾਂ ‘ਚ ਇੰਡੀਆ ਦੀ ਨੁਮਾਇੰਦਗੀ ਕੀਤੀ ਹੈ। ਰੈਨਾ ਨੇ ਇੰਡੀਆ ਲਈ 226 ਵਨਡੇ ‘ਚ 5615 ਅਤੇ 78 ਟੀ-20 ‘ਚ 1605 ਦੌੜਾਂ ਬਣਾਈਆਂ। ਟੈਸਟ ‘ਚ ਡੈਬਿਊ ‘ਤੇ ਸੈਂਕੜਾ ਲਗਾਉਣ ਵਾਲੇ ਰੈਨਾ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ‘ਚ ਸੈਂਕੜੇ ਲਗਾਉਣ ਵਾਲੇ ਪਹਿਲੇ ਭਾਰਤੀ ਵੀ ਹਨ ਅਤੇ ਉਨ੍ਹਾਂ ਦੇ ਸੈਂਕੜੇ ਇੰਡੀਆ ਤੋਂ ਬਾਹਰ ਬਣਾਏ ਗਏ ਸਨ।