ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਆਦੇਸ਼ ਦੇਣ ਤੋਂ ਬਾਅਦ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰੀਰ ‘ਤੇ ਸਿੱਖਾਂ ਦੇ ਧਾਰਮਿਕ ਚਿੰਨ੍ਹ ਅਤੇ ਗੁਰਬਾਣੀ ਦੀਆਂ ਤੁਕਾਂ ਵਾਲੇ ਟੈਟੂ ਬਣਵਾਉਣ ਵਾਲਿਆਂ ਨੂੰ ਵਰਜਦਿਆਂ ਅਜਿਹੀ ਬੇਅਦਬੀ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ। ਸ੍ਰੀ ਅਕਾਲ ਤਖ਼ਤ ਵੱਲੋਂ ਜੂਨ 2013 ‘ਚ ਵੀ ਇਸ ਸਬੰਧੀ ਇਕ ਹੁਕਮਨਾਮਾ ਜਾਰੀ ਕਰਦਿਆਂ ਸਰੀਰ ‘ਤੇ ਸਿੱਖ ਧਾਰਮਿਕ ਚਿੰਨ੍ਹਾਂ ਵਾਲੇ ਟੈਟੂ ਬਣਾਉਣ ਤੋਂ ਵਰਜਿਆ ਗਿਆ ਸੀ। ਹਾਲ ਹੀ ‘ਚ ਸ਼੍ਰੋਮਣੀ ਕਮੇਟੀ ਨੂੰ ਮੁੜ ਅਜਿਹੀਆਂ ਕਈ ਸ਼ਿਕਾਇਤਾਂ ਮਿਲੀਆਂ ਹਨ ਜਿਨ੍ਹਾਂ ‘ਚੋਂ ਇਕ ਸ਼ਿਕਾਇਤ ਬ੍ਰਾਜ਼ੀਲ ਦੀ ਇਕ ਲੜਕੀ ਖ਼ਿਲਾਫ਼ ਹੈ, ਜਿਸ ਨੇ ਆਪਣੀ ਲੱਤ ‘ਤੇ ਸਿੱਖ ਧਾਰਮਿਕ ਚਿੰਨ੍ਹ ਦਾ ਟੈਟੂ ਬਣਵਾਇਆ ਹੋਇਆ ਹੈ। ਇਸ ਤੋਂ ਇਲਾਵਾ ਇਕ ਸ਼ਿਕਾਇਤ ਅਮਰੀਕਾ ਵਸਦੇ ਭਾਰਤੀ ਮੂਲ ਦੇ ਵਿਅਕਤੀ ਖ਼ਿਲਾਫ਼ ਹੈ ਜਿਸ ਨੇ ਆਪਣੇ ਸਰੀਰ ‘ਤੇ ਗੁਰਬਾਣੀ ਦੀ ਤੁਕ ਵਾਲਾ ਟੈਟੂ ਬਣਵਾਇਆ ਹੈ। ਸ਼੍ਰੋਮਣੀ ਕਮੇਟੀ ਨੇ ਉਕਤ ਦੋਵਾਂ ਖ਼ਿਲਾਫ਼ ਭਾਰਤ ਅਤੇ ਸਬੰਧਤ ਮੁਲਕਾਂ ਦੇ ਸਫ਼ਾਰਤਖ਼ਾਨਿਆਂ ਕੋਲ ਸ਼ਿਕਾਇਤ ਕੀਤੀ ਹੈ। ਇਸ ਦੇ ਨਾਲ ਹੀ ਦੋਵਾਂ ਕੋਲ ਨਿੱਜੀ ਤੌਰ ‘ਤੇ ਵੀ ਇਨ੍ਹਾਂ ਟੈਟੂਆਂ ਪ੍ਰਤੀ ਨਾਰਾਜ਼ਗੀ ਜ਼ਾਹਿਰ ਕੀਤੀ ਗਈ ਹੈ। ਇਹ ਸ਼ਿਕਾਇਤਾਂ ਮਿਲਣ ਮਗਰੋਂ ਸ਼੍ਰੋਮਣੀ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਇਸ ਸਬੰਧੀ ਜਾਰੀ ਕੀਤਾ ਹੁਕਮਨਾਮਾ ਸੋਸ਼ਲ ਮੀਡੀਆ ‘ਤੇ ਸਾਂਝਾ ਕਰਦਿਆਂ ਅਜਿਹੇ ਟੈਟੂ ਨਾ ਬਣਵਾਉਣ ਲਈ ਕਿਹਾ ਹੈ। ਇਸ ਤੋਂ ਪਹਿਲਾਂ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਵੱਲੋਂ ਵੀ ਗੁਰਬਾਣੀ ਦੀ ਇਕ ਤੁਕ ਵਾਲਾ ਟੈਟੂ ਬਣਵਾਉਣ ਦਾ ਮਾਮਲਾ ਸਾਹਮਣੇ ਆ ਚੁੱਕਾ ਹੈ। ਇਸੇ ਤਰ੍ਹਾਂ ਅਦਾਕਾਰਾ ਮੰਦਿਰਾ ਬੇਦੀ ਨੇ ਵੀ ਅਜਿਹਾ ਇੱਕ ਟੈਟੂ ਬਣਵਾਇਆ ਸੀ ਜਿਸ ਦਾ ਵਿਰੋਧ ਹੋਣ ਮਗਰੋਂ ਉਸ ਨੇ ਜਨਤਕ ਤੌਰ ‘ਤੇ ਮੁਆਫ਼ੀ ਮੰਗੀ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਅਜਿਹੇ ਲੋਕਾਂ ਨੂੰ ਸਿੱਖ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਨਾ ਕਰਨ ਲਈ ਕਿਹਾ ਗਿਆ ਹੈ।