ਹਾਲੀ ਹੀ ਦੀ ਆਪਣੀ ਸ਼ਾਨਦਾਰ ਫਾਰਮ ਸਦਕਾ ਇੰਡੀਆ ਦਾ ਸਟਾਰ ਬੱਲੇਬਾਜ਼ ਸੂਰਯਕੁਮਾਰ ਯਾਦਵ ਟੀ-20 ਕੌਮਾਂਤਰੀ ਰੈਂਕਿੰਗ ‘ਚ ਦੁਨੀਆ ਦਾ ਨੰਬਰ ਇਕ ਬੱਲੇਬਾਜ਼ ਬਣ ਗਿਆ ਹੈ। ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਵੱਲੋਂ ਇਹ ਤਾਜ਼ਾ ਰੈਂਕਿੰਗ ਜਾਰੀ ਕੀਤੀ ਗਈ ਹੈ। ਸੂਰਯਕੁਮਾਰ ਨੇ ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੂੰ ਪਛਾੜ ਕੇ ਚੋਟੀ ਦਾ ਸਥਾਨ ਹਾਸਲ ਕੀਤਾ। ਉਹ ਟੀ-20 ਅੰਤਰਰਾਸ਼ਟਰੀ ਰੈਂਕਿੰਗ ਦੇ ਸਿਖਰ ‘ਤੇ ਪਹੁੰਚਣ ਵਾਲਾ ਸਿਰਫ਼ ਦੂਜਾ ਭਾਰਤੀ ਬੱਲੇਬਾਜ਼ ਹੈ। ਪਿਛਲੇ ਸਾਲ ਮਾਰਚ ‘ਚ ਟੀ-20 ਅੰਤਰਰਾਸ਼ਟਰੀ ਕ੍ਰਿਕਟ ‘ਚ ਆਪਣੀ ਸ਼ੁਰੂਆਤ ਤੋਂ ਬਾਅਦ ਸੂਰਯਕੁਮਾਰ ਨੇ ਨਾ ਸਿਰਫ ਭਾਰਤੀ ਟੀਮ ‘ਚ ਆਪਣੀ ਜਗ੍ਹਾ ਪੱਕੀ ਕੀਤੀ ਹੈ ਸਗੋਂ ਵਿਸ਼ਵ ਕ੍ਰਿਕਟ ‘ਚ ਆਪਣੇ ਆਪ ਨੂੰ ਖੇਡ ਦੇ ਸਭ ਤੋਂ ਛੋਟੇ ਫਾਰਮੈਟ ‘ਚ ਸਭ ਤੋਂ ਵਧੀਆ ਬੱਲੇਬਾਜ਼ਾਂ ਵਿੱਚੋਂ ਇਕ ਵਜੋਂ ਸਥਾਪਤ ਕੀਤਾ ਹੈ। ਸੂਰਯਕੁਮਾਰ ਨੇ ਇੰਡੀਆ ਲਈ 37 ਟੀ-20 ਮੈਚ ਖੇਡਦੇ ਹੋਏ 1 ਸੈਂਕੜਾ ਅਤੇ 11 ਅਰਧ ਸੈਂਕੜੇ ਲਗਾਏ ਹਨ। ਉਹ 13 ਵਨਡੇ ਮੈਚਾਂ ‘ਚ ਵੀ ਇੰਡੀਆ ਦੀ ਨੁਮਾਇੰਦਗੀ ਕਰ ਚੁੱਕਾ ਹੈ। ਸੂਰਯਕੁਮਾਰ ਦੇ 863 ਅੰਕ ਹਨ ਜਦਕਿ ਰਿਜ਼ਵਾਨ ਦੇ 842 ਅੰਕ ਹਨ। ਨਿਊਜ਼ੀਲੈਂਡ ਦਾ ਡੇਵੋਨ ਕੋਨਵੇ 792 ਅੰਕਾਂ ਨਾਲ ਸਿਖਰਲੇ ਤਿੰਨਾਂ ‘ਚ ਸ਼ਾਮਲ ਹੈ। ਇਸ ਦੇ ਨਾਲ ਹੀ ਭਾਰਤੀ ਸਪਿਨਰ ਰਵੀਚੰਦਰਨ ਅਸ਼ਵਿਨ (ਤਿੰਨ ਸਥਾਨ ਦੇ ਫਾਇਦੇ ਨਾਲ 18ਵੇਂ), ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਵਸੀਮ (ਇਕ ਸਥਾਨ ਦੇ ਫਾਇਦੇ ਨਾਲ 21ਵੇਂ), ਨਿਊਜ਼ੀਲੈਂਡ ਦੇ ਸਪਿਨਰ ਈਸ਼ ਸੋਢੀ (3 ਸਥਾਨ ਦੇ ਫਾਇਦੇ ਨਾਲ 22ਵੇਂ) ਅਤੇ ਅਫਗਾਨਿਸਤਾਨ ਦੇ ਫਜ਼ਲਹਕ ਫਾਰੂਕੀ (ਚਾਰ ਸਥਾਨ ਚੜ੍ਹ ਕੇ ਸੰਯੁਕਤ-24ਵੇਂ ਸਥਾਨ ‘ਤੇ) ਅਤੇ ਇੰਡੀਆ ਦਾ ਅਰਸ਼ਦੀਪ ਸਿੰਘ (16 ਸਥਾਨ ਚੜ੍ਹ ਕੇ 27ਵੇਂ) ਗੇਂਦਬਾਜ਼ਾਂ ਦੀ ਸੂਚੀ ‘ਚ ਸਭ ਤੋਂ ਅੱਗੇ ਹੈ।